ਸ਼੍ਰੀ ਗੁਰੂ ਤੇਗ਼ ਬਹਾਦੁਰ ਜੀ ,ਭਾਈ ਮਤੀਦਾਸ ਜੀ, ਭਾਈ ਸਤੀਦਾਸ ਜੀ ਅਤੇ ਭਾਈ ਦਿਆਲਾ ਜੀਦੇ ਬਲਿਦਾਨ ਨੂੰ ਯਾਦ ਕਰਨ ਵਾਸਤੇ, 20 ਨਵੰਬਰ 2025 ਨੂੰ ਇੰਸਟੀਚਿਊਟ ਆਫ ਐਗਰੀਕਲਚਰ, ਬਠਿੰਡਾ ਵੱਲੋਂ ਗੁਰੂ ਗੋਬਿੰਦ ਸਿੰਘ ਸਟਡੀ ਸਰਕਲ ਦੇ ਸਹਿਯੋਗ ਨਾਲ ਇਕ ਵਿਸ਼ੇਸ਼ ਸੈਮੀਨਾਰ ਆਯੋਜਿਤ ਕੀਤਾ ਗਿਆ। ਇਸ ਸਮਾਗਮ ਵਿੱਚ ਡਾ. ਅਵਤਾਰ ਸਿੰਘ ਧੰਮੂ, ਐਸੋਸੀਏਟ ਡੀਨ, ਇੰਸਟੀਚਿਊਟ ਆਫ ਐਗਰੀਕਲਚਰ, ਬਠਿੰਡਾ ਅਤੇ ਡਾ. ਕੇ. ਐਸ. ਸੇਖੋਂ, ਡਾਇਰੈਕਟਰ, ਖੇਤਰੀ ਖੋਜ ਕੇਂਦਰ ਬਠਿੰਡਾ ਨੇ ਸ਼ਿਰਕਤ ਕੀਤੀ। ਵਿਦਿਆਰਥੀਆਂ ਅਤੇ ਫੈਕਲਟੀ ਮੈਂਬਰਾਂ ਦੀ ਸਰਗਰਮ ਭਾਗੀਦਾਰੀ ਨੇ ਸਮਾਗਮ ਨੂੰ ਹੋਰ ਮਹੱਤਵਪੂਰਨ ਬਣਾਇਆ।
ਸੈਮੀਨਾਰ ਦੀ ਸ਼ੁਰੂਆਤ ਡਾ. ਗੁਰਜਿੰਦਰ ਸਿੰਘ ਰੋਮਾਣਾ, ਅਰਥਸ਼ਾਸਤਰੀ, ਖੇਤਰੀ ਖੋਜ ਕੇਂਦਰ ਬਠਿੰਡਾ ਵੱਲੋਂ ਕੀਤੀ ਗਈ। ਉਨ੍ਹਾਂ ਨੇ ਗੁਰੂ ਤੇਗ਼ ਬਹਾਦੁਰ ਜੀ ਦੇ ਜੀਵਨ ਬਾਰੇ ਸੰਖੇਪ ਜਾਣਕਾਰੀ ਦਿੰਦਿਆਂ ਉਨ੍ਹਾਂ ਦੀ ਆਤਮਿਕ ਦ੍ਰਿਸ਼ਟੀ, ਦਇਆ, ਅਤੇ ਦੂਜਿਆਂ ਦੀ ਧਾਰਮਿਕ ਆਜ਼ਾਦੀ ਦੀ ਰਾਖੀ ਲਈ ਕੀਤੇ ਆਖਰੀ ਬਲਿਦਾਨ ਬਾਰੇ ਪ੍ਰਕਾਸ਼ ਪਾਇਆ। ਇਸ ਮੌਕੇ ‘ਤੇ ਪ੍ਰਸਿੱਧ ਸਿੱਖ ਹਸਤੀਆਂ ਭਾਈ ਹਰਦੀਪਕ ਸਿੰਘ ਜੀ, ਪ੍ਰਧਾਨ ਖਾਲਸਾ ਦਿਵਾਨ ਸਿੰਘ ਸਭਾ ਬਠਿੰਡਾ ਅਤੇ ਭਾਈ ਰਵਨੀਤ ਸਿੰਘ ਜੀ,ਉੱਘੇ ਸਿੱਖ ਵਿਦਵਾਨ ਨੂੰ ਸੱਦਾ ਦਿੱਤਾ ਗਿਆ। ਉਨ੍ਹਾਂ ਨੇ ਗੁਰੂ ਸਾਹਿਬ ਦੀਆਂ ਸਿੱਖਿਆਵਾਂ, ਉਨ੍ਹਾਂ ਦੀ ਅੱਜ ਦੇ ਜੀਵਨ ਵਿੱਚ ਪ੍ਰਸੰਗਿਕਤਾ ਬਾਰੇ ਵਿਸਥਾਰ ਨਾਲ ਚਰਚਾ ਕੀਤੀ ਅਤੇ ਨੌਜਵਾਨਾਂ ਵਿੱਚ ਨੈਤਿਕ ਮੁੱਲਾਂ ਨੂੰ ਵਿਕਸਿਤ ਕਰਨ ਤੇ ਜ਼ੋਰ ਦਿੱਤਾ ਤਾਂ ਜੋ ਉਹ ਪਹਿਲਾਂ ਚੰਗੇ ਨਾਗਰਿਕ ਬਣ ਸਕਣ।
ਡਾ. ਕੇ. ਐਸ. ਸੇਖੋਂ, ਡਾਇਰੈਕਟਰ, ਖੇਤਰੀ ਖੋਜ ਕੇਂਦਰ ਬਠਿੰਡਾ ਨੇ ਇਸ ਤਰ੍ਹਾਂ ਦੇ ਸੈਮੀਨਾਰਾਂ ਦੇ ਆਯੋਜਨ ਲਈ ਪ੍ਰਬੰਧਕਾਂ ਦੀ ਪ੍ਰਸ਼ੰਸਾ ਕੀਤੀ, ਜੋ ਵਿਦਿਆਰਥੀਆਂ ਨੂੰ ਸਾਡੇ ਧਾਰਮਿਕ, ਇਤਿਹਾਸਕ ਅਤੇ ਸੱਭਿਆਚਾਰਕ ਵਿਰਸੇ ਨਾਲ ਜੋੜਦੇ ਹਨ।
ਅੰਤ ਵਿੱਚ ਡਾ. ਅਵਤਾਰ ਸਿੰਘ ਧੰਮੂ, ਐਸੋਸੀਏਟ ਡੀਨ ਨੇ ਸਾਰੇ ਆਏ ਹੋਏ ਮਹਿਮਾਨਾਂ, ਵਿਦਵਾਨਾਂ, ਸਟਾਫ ਮੈਂਬਰਾਂ ਅਤੇ ਵਿਦਿਆਰਥੀਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ।
