Menu

ਪੰਜਾਬ ਖੇਤੀਬਾੜੀ ਯੂਨੀਵਰਸਿਟੀ
PUNJAB AGRICULTURAL UNIVERSITY

Menu

ਐਗਰੋ ਪ੍ਰੋਸੈਸਿੰਗ ਵਿੱਚ ਉਦਯਮਤਾ ਵਿਕਾਸ ਸਬੰਧੀ ਸਿਖਲਾਈ ਪ੍ਰੋਗਰਾਮ ਆਯੋਜਿਤ

ਪੰਜਾਬ ਖੇਤੀਬਾੜੀ ਯੂਨੀਵਰਸਿਟੀ (ਪੀ.ਏ.ਯੂ.), ਲੁਧਿਆਣਾ ਦੇ ਪ੍ਰੋਸੈਸਿੰਗ ਅਤੇ ਫੂਡ ਇੰਜੀਨੀਅਰਿੰਗ ਵਿਭਾਗ ਨੇ ਭਾਰਤੀ ਖੇਤੀਬਾੜੀ ਖੋਜ ਕੌਂਸਲ  (ICAR) ਦੁਆਰਾ ਚਲਾਏ ਜਾ ਰਹੇ ਅਖਿਲ ਭਾਰਤੀ ਸਹਿ-ਸੰਚਾਲਿਤ ਖੋਜ ਪ੍ਰੋਜੈਕਟ  (AICRP on PHET)  ਦੇ ਸਹਿਯੋਗ ਨਾਲ 28 ਨਵੰਬਰ 2025 ਨੂੰ ਇੱਕ ਦਿਵਸੀ ਟ੍ਰੇਨਿੰਗ ਪ੍ਰੋਗਰਾਮ ਆਯੋਜਿਤ ਕੀਤਾ।

“ਐਗਰੋ ਪ੍ਰੋਸੈਸਿੰਗ ਵਿੱਚ ਉਦਯਮਤਾ ਵਿਕਾਸ” ਵਿਸ਼ੇ ‘ਤੇ ਹੋਏ ਇਸ ਪ੍ਰੋਗਰਾਮ ਨੂੰ ICAR-43  ਦੇ ਸ਼ੈਡਿਊਲ ਕਾਸਟ ਸਬ-ਪਲਾਨ  (SCSP)  ਤਹਿਤ ਆਯੋਜਿਤ ਕੀਤਾ ਗਿਆ ਸੀ। ਇਸਦਾ ਉਦੇਸ਼ ਐੱਸ.ਸੀ./ਐੱਸ.ਟੀ. ਭਾਗੀਦਾਰਾਂ ਨੂੰ ਛੋਟੇ ਪੱਧਰ ‘ਤੇ ਐਗਰੋ- ਪ੍ਰੋਸੈਸਿੰਗ ਅਧਾਰਿਤ ਯੂਨਿਟ ਸ਼ੁਰੂ ਕਰਨ ਲਈ ਲੋੜੀਂਦੀ ਜਾਣਕਾਰੀ ਅਤੇ ਤਜਰਬਾ ਪ੍ਰਦਾਨ ਕਰਨਾ ਸੀ।ਟ੍ਰੇਨਿੰਗ ਪ੍ਰੋਗਰਾਮ ਵਿੱਚ 25 ਲਾਭਪਾਤਰੀਆਂ ਨੇ ਹਿੱਸਾ ਲਿਆ।

ਉਦਘਾਟਨੀ ਲੈਕਚਰ ਡਾ. ਐਮ. ਐੱਸ. ਆਲਮ, ਪ੍ਰਿੰਸਿਪਲ ਸਾਇੰਟਿਸਟ ਅਤੇ  AICRP on PHET ਦੇ ਪ੍ਰਬੰਧਕ ਨੇ ਦਿੱਤਾ। ਡਾ. ਆਲਮ ਨੇ ਹੰਢਣਸਾਰ ਵਸਤਾਂ, ਹਲਦੀ ਅਤੇ ਸ਼ਹਿਦ ਦੇ ਉਤਪਾਦਨ ਲਈ ਛੋਟੇ ਪੱਧਰ ਦੇ ਖੇਤੀ-ਅਧਾਰਤ ਉੱਦਮਾਂ ‘ਤੇ ਇੱਕ ਮਾਹਿਰਾਨਾ ਭਾਸ਼ਣ ਵੀ ਦਿੱਤਾ, ਜਿਸ ਵਿੱਚ ਉਨ੍ਹਾਂ ਨੇ ਪੇਂਡੂ ਰੋਜ਼ੀ-ਰੋਟੀ ਨੂੰ ਮਜ਼ਬੂਤ ਕਰਨ ਵਿੱਚ ਲਘੂ ਉੱਦਮਾਂ ਦੀ ਭੂਮਿਕਾ ‘ਤੇ ਚਾਨਣਾ ਪਾਇਆ। ਡਾ. ਰੋਹਿਤ ਸ਼ਰਮਾ (ਵਿਗਿਆਨੀ) ਨੇ ਵਧੇਰੇ ਆਰਥਿਕ ਲਾਭ ਲਈ ਮਸਾਲਿਆਂ ਦੀ ਖੇਤ ਪੱਧਰ ‘ਤੇ ਪ੍ਰੋਸੈਸਿੰਗ ਬਾਰੇ ਵਿਸਥਾਰ ਨਾਲ ਦੱਸਿਆ, ਜਦੋਂ ਕਿ ਡਾ. ਮਨਪ੍ਰੀਤ ਕੌਰ ਸੈਣੀ (ਕੀਟ ਵਿਗਿਆਨੀ) ਨੇ ਚੰਗੇ ਮੁਨਾਫੇ ਲਈ ਅਨਾਜ ਅਤੇ ਦਾਲਾਂ ਦੇ ਉਚਿਤ ਵਿਗਿਆਨਕ ਭੰਡਾਰਨ ‘ਤੇ ਇੱਕ ਵਿਆਪਕ ਸੈਸ਼ਨ ਲਿਆ।

ਡਾ. ਗਗਨਦੀਪ ਕੌਰ ਨਾਗਰਾ (ਫੂਡ ਮਾਈਕ੍ਰੋਬਾਇਓਲੋਜਿਸਟ) ਨੇ ਖੁੰਬਾਂ (ਮਸ਼ਰੂਮ) ਦੇ ਉਤਪਾਦਾਂ ਦੀ ਵਧ ਰਹੀ ਮਾਰਕੀਟ ਸੰਭਾਵਨਾ ‘ਤੇ ਜ਼ੋਰ ਦਿੰਦਿਆਂ, ਲਾਹੇਵੰਦ ਕਾਰੋਬਾਰ ਵਜੋਂ ਖੁੰਬਾਂ ਦੇ ਉਤਪਾਦਨ ਅਤੇ ਪ੍ਰੋਸੈਸਿੰਗ ਬਾਰੇ ਭਾਗੀਦਾਰਾਂ ਨੂੰ ਸੰਬੋਧਿਤ ਕੀਤਾ। ਡਾ. ਸੁਰੇਖਾ (ਪ੍ਰਿੰਸੀਪਲ ਬਾਇਓਕੈਮਿਸਟ) ਨੇ ਗੁੜ ਦੇ ਉਤਪਾਦਨ ਅਤੇ ਪ੍ਰੋਸੈਸਿੰਗ ਦੌਰਾਨ ਗੁਣਵੱਤਾ ਦੀ ਜਾਂਚ ਸਬੰਧੀ ਅਹਿਮ ਨੁਕਤੇ ਸਾਂਝੇ ਕੀਤੇ, ਜੋ ਕਿ ਪਿੰਡ ਪੱਧਰ ‘ਤੇ ਅਪਣਾਉਣ ਯੋਗ ਹਨ ਤਾਂ ਜੋ ਵਧੇਰੇ ਮੁਨਾਫਾ ਕਮਾਇਆ ਜਾ ਸਕੇ।

ਭਾਗੀਦਾਰਾਂ ਨੂੰ ਛੋਟੇ ਪੱਧਰ ਦੀ ਕਟਾਈ ਤੋਂ ਬਾਅਦ ਦੀ ਮਸ਼ੀਨਰੀ (ਪੋਸਟ-ਹਾਰਵੈਸਟ ਮਸ਼ੀਨਰੀ) ਦਾ ਵਿਹਾਰਕ ਪ੍ਰਦਰਸ਼ਨ ਵੀ ਦਿਖਾਇਆ ਗਿਆ, ਜਿਸ ਨਾਲ ਉਹ ਪੇਂਡੂ ਪ੍ਰੋਸੈਸਿੰਗ ਯੂਨਿਟਾਂ ਨਾਲ ਸਬੰਧਤ ਉਪਕਰਣਾਂ ਦੇ ਕੰਮਕਾਜ ਅਤੇ ਉਪਯੋਗਤਾ ਨੂੰ ਦੇਖਣ ਦੇ ਯੋਗ ਹੋਏ। ਇਸ ਦੌਰਾਨ ਛੋਟੇ ਪੱਧਰ ਦੀ ਪੋਸਟ-ਹਾਰਵੈਸਟ ਮਸ਼ੀਨਰੀ ਜਿਵੇਂ ਕਿ ਛੋਟੀ ਆਟਾ ਚੱਕੀ, ਛੋਟੀ ਤੇਲ ਕੱਢਣ ਵਾਲੀ ਮਸ਼ੀਨ, ਵੈਕਿਊਮ ਪੈਕਜਿੰਗ ਅਤੇ ਰਾਈਸ ਡੀਹਸਕਰ ਤੇ ਪੋਲਿਸ਼ਰ ਦਾ ਪ੍ਰਦਰਸ਼ਨ ਵੀ ਕੀਤਾ ਗਿਆ, ਜਿਸ ਨਾਲ ਸਾਰੇ ਭਾਗੀਦਾਰਾਂ ਨੂੰ ਹੱਥੀਂ ਕੰਮ ਕਰਨ ਦਾ ਵਿਹਾਰਕ ਹੁਨਰ ਪ੍ਰਦਾਨ ਕੀਤਾ ਗਿਆ।
ਡਾ. ਟੀ. ਸੀ. ਮਿੱਤਲ, ਮੁਖੀ, ਪ੍ਰੋਸੈਸਿੰਗ ਅਤੇ ਫੂਡ ਇੰਜੀਨੀਅਰਿੰਗ ਵਿਭਾਗ, ਨੇ ਭਾਗੀਦਾਰਾਂ ਨੂੰ ਟ੍ਰੇਨਿੰਗ ਸਫਲਤਾਪੂਰਵਕ ਪੂਰਾ ਕਰਨ ਲਈ ਵਧਾਈ ਦਿੱਤੀ। ਉਨ੍ਹਾਂ ਨੇ ਕਿਹਾ ਕਿ ਵਿਭਾਗ ਕਿਸਾਨਾਂ ਅਤੇ ਪੇਂਡੂ ਨੌਜਵਾਨਾਂ ਲਈ ਆਮਦਨ ਦੇ ਨਵੇਂ ਰਸਤੇ ਖੋਲ੍ਹਣ ਵਾਲੀਆਂ ਤਕਨੀਕਾਂ ਨੂੰ ਜਮੀਨੀ ਪੱਧਰ ਤੱਕ ਪਹੁੰਚਾਉਣ ਲਈ ਵਚਨਬੱਧ ਹੈ।

ਪ੍ਰੋਗਰਾਮ ਦੀ ਸਮਾਪਤੀ ਮੌਕੇ ਲਾਭਪਾਤਰੀਆਂ ਨੂੰ ਫੂਡ ਪ੍ਰੋਸੈਸਿੰਗ ਕਿੱਟਾਂ, ਪੀ.ਏ.ਯੂ. ਦਾਲ ਸਟੋਰੇਜ ਕਿੱਟ ਅਤੇ ਸਿਖਲਾਈ ਸਮੱਗਰੀ ਵੰਡੀ ਗਈ ਅਤੇ ਇਸ ਮੌਕੇ ਨੂੰ ਯਾਦਗਾਰੀ ਬਣਾਉਣ ਲਈ ਇੱਕ ਸਮੂਹਿਕ ਤਸਵੀਰ ਵੀ ਖਿੱਚੀ ਗਈ।
ਇਸ ਸਿਖਲਾਈ ਨੇ ਹੁਨਰ ਵਿਕਾਸ, ਉੱਦਮਤਾ ਨੂੰ ਉਤਸ਼ਾਹਿਤ ਕਰਨ ਅਤੇ ਮੁੱਲ-ਵਧਾੂ ਖੇਤੀ-ਪ੍ਰੋਸੈਸਿੰਗ ਮਸ਼ੀਨਰੀ ਤੇ ਤਕਨਾਲੋਜੀਆਂ ਤੱਕ ਬਿਹਤਰ ਪਹੁੰਚ ਪ੍ਰਦਾਨ ਕਰਕੇ, ਅਨੁਸੂਚਿਤ ਜਾਤੀ ਦੇ ਭਾਈਚਾਰਿਆਂ ਨੂੰ ਸਮਰੱਥ ਬਣਾਉਣ ਪ੍ਰਤੀ ਪੀ.ਏ.ਯੂ. ਦੀ ਨਿਰੰਤਰ ਵਚਨਬੱਧਤਾ ਨੂੰ ਉਜਾਗਰ ਕੀਤਾ।