ਉੱਘੇ ਖੇਤੀ ਵਿਗਿਆਨੀ ਡਾ. ਰਿਤੂ ਮਿੱਤਲ ਨੇ ਪੀ.ਏ.ਯੂ. ਦੇ ਕਮਿਊਨਟੀ ਸਾਇੰਸ ਕਾਲਜ ਵਿਖੇ ਪਸਾਰ ਸਿੱਖਿਆ ਅਤੇ ਸੰਚਾਰ ਪ੍ਰਬੰਧਨ ਵਿਭਾਗ ਦੇ ਮੁਖੀ ਦਾ ਅਹੁਦਾ ਸੰਭਾਲਿਆ| ਡਾ. ਰਿਤੂ ਮਿੱਤਲ ਖੇਤੀਬਾੜੀ ਵਿਚ ਔਰਤਾਂ ਬਾਰੇ ਸਰਵ ਭਾਰਤੀ ਸਾਂਝੇ ਖੋਜ ਪ੍ਰੋਜੈਕਟ ਦੇ ਯੂਨਿਟ ਸੰਚਾਲਕ ਵੀ ਹਨ| ਉਹਨਾਂ ਨੇ ਖੇਤੀਬਾੜੀ ਯੂਨੀਵਰਸਿਟੀ ਵਿਖੇ 20 ਸਾਲ ਦੇ ਕਾਰਜਕਾਲ ਦੌਰਾਨ ਅਧਿਆਪਨ, ਖੋਜ ਅਤੇ ਪਸਾਰ ਦੇ ਖੇਤਰ ਵਿਚ ਜ਼ਿਕਰਯੋਗ ਕੰਮ ਕੀਤਾ ਹੈ|
ਡਾ. ਰਿਤੂ ਨੇ 12 ਐੱਮ ਐੱਸ ਸੀ/ਪੀ ਐੱਚ ਡੀ ਵਿਦਿਆਰਥੀਆਂ ਦੀ ਖੋਜ ਅਗਵਾਈ ਕਰਨ ਦੇ ਨਾਲ-ਨਾਲ 127 ਯੂ ਜੀ/ਪੀ ਜੀ ਕੋਰਸਾਂ ਦੀ ਪੜਾਈ ਕਰਵਾਈ| ਉਹਨਾਂ ਦੇ ਨਾਂ ਹੇਠ 162 ਵਿਗਿਆਨਕ ਅਤੇ ਪਸਾਰ ਲੇਖ ਅਤੇ 66 ਖੋਜ ਪੇਪਰ ਪ੍ਰਕਾਸ਼ਿਤ ਹੋਏ| ਇਸ ਤੋਂ ਇਲਾਵਾ ਕਿਤਾਬਾਂ ਦੇ 11 ਅਧਿਆਇ, 28 ਪਸਾਰ ਪ੍ਰਕਾਸ਼ਨਾਵਾਂ ਅਤੇ ਕਈ ਕਿਤਾਬਚੇ ਵੀ ਉਹਨਾਂ ਨੇ ਲਿਖੇ| ਵੱਖ ਵੱਖ ਕਾਨਫਰੰਸਾਂ ਵਿਚ 42 ਪੇਪਰ ਪੇਸ਼ ਕਰਕੇ ਡਾ. ਰਿਤੂ ਨੇ ਆਪਣੀ ਹਾਜ਼ਰੀ ਦਰਜ ਕਰਵਾਈ| ਉਹਨਾਂ ਨੇ 88 ਸਿਖਲਾਈਆਂ ਅਤੇ 50 ਕੈਂਪ ਆਯੋਜਿਤ ਕਰਕੇ ਪੇਂਡੂ ਔਰਤਾਂ ਨੂੰ ਸਿੱਖਿਅਤ ਕੀਤਾ| ਨਵ ਨਿਯੁਕਤ ਅਧਿਆਪਕਾਂ ਅਤੇ ਵਿਦਿਆਰਥੀਆਂ ਲਈ ਉਹਨਾਂ ਦੀ ਅਗਵਾਈ ਵਿਚ 32 ਵਰਕਸ਼ਾਪਾਂ ਵੀ ਕਰਵਾਈਆਂ ਗਈਆਂ|
ਡਾ. ਰਿਤੂ 7 ਖੋਜ ਪ੍ਰੋਜੈਕਟਾਂ ਦਾ ਹਿੱਸਾ ਬਣੇ ਜਿਨ੍ਹਾਂ ਵਿੱਚੋਂ 4 ਦੇ ਮੁੱਖ ਨਿਗਰਾਨ ਵੀ ਬਣੇ| ਖੇਤੀ ਵਿਚ ਔਰਤਾਂ ਬਾਰੇ ਸਰਵ ਭਾਰਤੀ ਸਾਂਝੇ ਖੋਜ ਪ੍ਰੋਜੈਕਟ ਨੂੰ ਸੁਚੱਜੇ ਰੂਪ ਵਿਚ ਲਾਗੂ ਕਰਦਿਆਂ ਉਹਨਾਂ ਨੇ 5 ਕਸਟਮ ਹਾਇਰਿੰਗ ਕੇਂਦਰ ਸਥਾਪਿਤ ਕਰਵਾਏ ਅਤੇ ਔਰਤਾਂ ਨੂੰ ਪ੍ਰੇਰਿਤ ਕਰਕੇ ਯੂਨੀਵਰਸਿਟੀ ਦੇ ਗੋਦ ਲਏ ਪਿੰਡਾਂ ਵਿਚ 500 ਤੋਂ ਵਧੇਰੇ ਰਸੋਈ ਬਗੀਚੀਆਂ ਬਣਵਾਈਆਂ| ਉਹਨਾਂ ਦੇ ਕੀਤੇ ਕਾਰਜਾਂ ਬਦਲੇ ਉਹਨਾਂ ਨੂੰ ਐਵਾਰਡ ਆਫ ਅਕਾਦਮਿਕ ਐਂਕਸੀਲੈਂਸ ਨਾਲ ਨਿਵਾਜ਼ਿਆ ਗਿਆ|
