ਆਈ ਸੀ ਐਸ ਐਸ ਆਰ, ਨਵੀਂ ਦਿੱਲੀ ਵੱਲੋਂ ਚੱਲ ਰਹੇ ਪ੍ਰੋਜੈਕਟ ਅਧੀਨ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਕ੍ਰਿਸ਼ੀ ਵਿਗਿਆਨ ਕੇਂਦਰ (ਕੇਵੀਕੇ) ਪਟਿਆਲਾ ਵੱਲੋਂ ਮਿਤੀ 5 ਦਸੰਬਰ 2025 ਨੂੰ ਖੇਤ ਮਜ਼ਦੂਰ ਔਰਤਾਂ ਲਈ “ਤਣਾਅ ਘਟਾਉਣ ਤੇ ਮਾਹਵਾਰੀ ਸਿਹਤ” ਵਿਸ਼ੇ ਤੇ ਇੱਕ ਦਿਨਾਂ ਵਰਕਸ਼ਾਪ ਆਯੋਜਿਤ ਕਰਵਾਈ ਗਈ। ਇਸ ਵਰਕਸ਼ਾਪ ਦਾ ਮੁੱਖ ਮਕਸਦ ਪਿੰਡਾਂ ਵਿੱਚ ਰਹਿਣ ਵਾਲੀਆਂ ਔਰਤਾਂ ਨੂੰ ਆਪਣੀ ਸਿਹਤ ਬਾਰੇ ਜਾਗਰੂਕ ਕਰਨਾ ਅਤੇ ਸਹੀ ਜੀਵਨ ਸ਼ੈਲੀ ਬਾਰੇ ਚਾਨਣਾ ਪਾਉਣਾ ਸੀ।
ਡਾ. ਗੁਰਉਪਦੇਸ਼ ਕੌਰ, ਪ੍ਰੋਫੈਸਰ (ਗ੍ਰਹਿ ਵਿਗਿਆਨ) ਅਤੇ ਇਸ ਪ੍ਰੋਜੈਕਟ ਦੇ ਮੁੱਖ ਨਿਗਰਾਨ ਨੇ ਵਰਕਸ਼ਾਪ ਦੀ ਸ਼ੁਰੂਆਤ ਕਰਦਿਆ ਵੱਖ-ਵੱਖ ਪਿੰਡਾਂ ਤੋਂ ਆਈਆਂ ਸਾਰੀਆਂ ਔਰਤਾਂ ਦਾ ਸਵਾਗਤ ਕੀਤਾ। ਉਨ੍ਹਾਂ ਨੇ ਦੱਸਿਆ ਕਿ ਔਰਤਾਂ ਦੀ ਸਰੀਰਕ, ਮਾਨਸਿਕ ਅਤੇ ਸਮਾਜਿਕ ਸਿਹਤ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ ਅਤੇ ਅਜਿਹੇ ਪ੍ਰੋਗਰਾਮ ਔਰਤਾਂ ਨੂੰ ਵਿਿਗਆਨਕ ਗੱਲਾਂ ਸੌਖੇ ਤਰੀਕੇ ਨਾਲ ਸਿਖਾ ਕੇ ਸਸ਼ਕਤ ਬਣਾਉਂਦੇ ਹਨ।
ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਦੋ ਮਾਹਿਰ ਸਾਇੰਸਦਾਨਾਂ ਨੇ ਇਸ ਵਰਕਸ਼ਾਪ ਵਿੱਚ ਮੁੱਖਸਰ ਗੱਲਬਾਤ ਕੀਤੀ।ਡਾ. ਨੈਨਾ ਸ਼ਰਮਾ, ਸਹਿਯੋਗੀ ਪ੍ਰੋਫੈਸਰ (ਮਨੋ ਵਿਗਿਆਨ) ਨੇ ਮਾਹਵਾਰੀ ਸਿਹਤ ਬਾਰੇ ਸਮਝਾਇਆ ਅਤੇ ਮਾਹਵਾਰੀ ਸਮੇਂ ਦੇ ਦਰਦ ਤੇ ਤਣਾਅ ਨੂੰ ਘਟਾਉਣ ਲਈ ਸੌਖੇ ਢੰਗ ਜਿਵੇਂ ਕਿ ਸਵੇਰ ਦੀ ਸੈਰ, ਯੋਗਾ ਅਤੇ ਸਹੀ ਖੁਰਾਕ ਬਾਰੇ ਦੱਸਿਆ।ਡਾ. ਅਬਨੀਸ਼ ਕੌਰ ਨੇ ਮਾਹਵਾਰੀ ਸਮੇਂ ਸਫ਼ਾਈ ਦੇ ਮਹੱਤਵ ਬਾਰੇ ਜਾਣਕਾਰੀ ਸਾਂਝੀ ਕੀਤੀ ਅਤੇ ਜੀਵਨ ਜਾਂਚ ਦੇ ਉਹ ਸੌਖੇ ਤਰੀਕੇ ਦੱਸੇ ਜਿਨ੍ਹਾਂ ਨਾਲ ਤਣਾਅ ਤੋਂ ਬਚਿਆ ਜਾ ਸਕਦਾ ਹੈ।
ਇਸ ਤੋਂ ਬਾਅਦ ਡਾ. ਗੁਰਉਪਦੇਸ਼ ਕੌਰ ਨੇ ਮੀਨੋਪੌਜ਼ (ਮਾਹਵਾਰੀ ਬੰਦ ਹੋਣ ਦਾ ਸਮਾਂ) ਬਾਰੇ ਗੱਲ ਕੀਤੀ ਅਤੇ ਇਸ ਸਮੇਂ ਔਰਤਾਂ ਨੂੰ ਦਰਪੇਸ਼ ਖੁਰਾਕੀ, ਮਾਨਸਿਕ ਅਤੇ ਚਮੜੀ ਦੀ ਦੇਖਭਾਲ ਬਾਰੇ ਅਹਿਮ ਨੁਕਤੇ ਹਾਜ਼ਰੀਨ ਨਾਲ ਸਾਂਝੇ ਕੀਤੇ।ਖੋਜਾਰਥੀ ਡਾ. ਅਮਨਦੀਪ ਕੌਰ ਮੱਕੜ ਨੇ ਸਿਹਤਮੰਦ ਖੁਰਾਕ ਬਾਰੇ ਦੱਸਿਆ । ਉਹਨਾਂ ਨੇ ਪੌਸ਼ਟਿਕ ਖੁਰਾਕ ਦੀ ਵਿਉਂਤਬੰਦੀ ਅਤੇ ਜੰਕ-ਫੂਡ ਤੋਂ ਪਰਹੇਜ਼ ਬਾਰੇ ਜਾਣਕਾਰੀ ਦਿੱਤੀ।
ਆਖਰੀ ਸੈਸ਼ਨ ਦੇ ਵਿੱਚ ਹਾਜ਼ਰੀਨ ਔਰਤਾਂ ਨੇ ਆਪਣੀਆਂ ਔਕੜਾਂ ਬਾਰੇ ਖੁੱਲ੍ਹੇ ਸਵਾਲ ਪੁੱਛੇ ਅਤੇ ਆਪਣੇ ਨਿੱਜੀ ਤਜ਼ਰਬੇ ਸਾਂਝੇ ਕੀਤੇ। ਸਭ ਤੋਂ ਪਹਿਲਾਂ ਸ੍ਰੀ ਮਤੀ ਭਿੰਦਰ ਕੌਰ (ਰਣਜੀਤਗੜ੍ਹ) ਨੇ ਗੱਲ ਸ਼ੁਰੂ ਕੀਤੀ ਅਤੇ ਦੱਸਿਆ ਕਿ ਖੇਤਾਂ ਵਿੱਚ ਸਾਰਾ ਦਿਨ ਕੰਮ ਕਰਨ ਨਾਲ ਮਾਹਵਾਰੀ ਸਮੇਂ ਬਹੁਤ ਦਰਦ ਹੁੰਦਾ ਹੈ, ਮਨ ਵਿੱਚ ਤਣਾਅ ਰਹਿੰਦਾ ਹੈ ਤੇ ਘਰੇਲੂ ਕੰਮ ਕਰਨ ਵੇਲੇ ਥਕਾਵਟ ਵੀ ਜ਼ਿਆਦਾ ਰਹਿੰਦੀ ਹੈ। ਉਹਨਾਂ ਦੀ ਇਹ ਗੱਲ ਸੁਣ ਕੇ ਹੋਰ ਔਰਤਾਂ ਨੇ ਵੀ ਆਪਣੀਆਂ ਸਮੱਸਿਆਵਾਂ ਖੁੱਲ੍ਹ ਕੇ ਸਾਂਝੀਆਂ ਕੀਤੀਆਂ – ਜਿਵੇਂ ਮੀਨੋਪੌਜ਼ ਸਮੇਂ ਗਰਮੀ ਲੱਗਣੀ, ਨੀਂਦ ਨਾ ਆਉਣੀ, ਸੈਨੇਟਰੀ ਪੈਡਾਂ ਦੀ ਮਹਿੰਗਾਈ ਤੇ ਪਿੰਡਾਂ ਵਿੱਚ ਮਿਲਣ ਦੀ ਮੁਸ਼ਕਲ।ਰਜ਼ੀਆ ਸੁਲਤਾਨਾ (ਮਲੇਰਕੋਟਲਾ), ਰਮਨਪ੍ਰੀਤ ਕੌਰ (ਨੰਦਪੁਰ ਕੇਸ਼ੋ), ਸੁਖਜੀਤ ਕੌਰ (ਛੀਟਾਂਵਾਲੀ) ਤੇ ਜਸਪ੍ਰੀਤ ਕੌਰ (ਕਕਰਾਲਾ) ਨੇ ਵੀ ਮਾਹਾਵਾਰੀ ਬਾਰੇ ਕਈ ਅਣਛੁਪੇ ਅਤੇ ਅਣਗੌਲੇ ਪਹਿਲੂਆਂ ਤੇ ਪ੍ਰਸ਼ਨ ਪੁੱਛੇ। ਸ੍ਰੀ ਮਤੀ ਭਿੰਦਰ ਕੌਰ ਦੇ ਸੁਆਲਾਂ ਦੀ ਸ਼ੁਰੂਆਤ ਦੇ ਨਾਲ ਸਾਰੀ ਗੱਲਬਾਤ ਵਿੱਚ ਡੂੰਘਾਈ ਆਈ ਤੇ ਸਾਰੀਆਂ ਔਰਤਾਂ ਨੂੰ ਆਪਣੀਆਂ ਸਮੱਸਿਆਵਾਂ ਦੇ ਸੌਖੇ ਹੱਲ ਮਿਲੇ।
ਅੰਤ ਵਿੱਚ ਕੇਵੀਕੇ ਟੀਮ ਨੇ ਸਾਰਿਆਂ ਦਾ ਧੰਨਵਾਦ ਕੀਤਾ ਅਤੇ ਔਰਤਾਂ ਨੂੰ ਸਮਝਾਇਆ ਕਿ ਸਹੀ ਜੀਵਨ ਜਾਚ ਨੂੰ ਅਪਣਾ ਕੇ ਹੀ ਸਰੀਰਕ, ਮਾਨਸਿਕ, ਸਮਾਜਿਕ ਅਤੇ ਮਾਹਵਾਰੀ ਸਿਹਤ ਨੂੰ ਠੀਕ ਰੱਖਿਆ ਜਾ ਸਕਦਾ ਹੈ।
