ਕ੍ਰਿਸ਼ੀ ਵਿਗਿਆਨ ਕੇਂਦਰ (ਕੇ.ਵਿ.ਕੇ), ਰੋਪੜ, ਨਿਰਦੇਸ਼ਕ ਪਸਾਰ ਸਿੱਖਿਆ, ਪੰਜਾਬ ਖੇਤੀਬਾੜੀ ਯੂਨੀਵਰਸਿਟੀ (ਪੀ.ਏ.ਯੂ), ਲੁਧਿਆਣਾ ਦੇ ਅਧੀਨ, ਨੇ 19 ਨਵੰਬਰ 2025 ਨੂੰ ਨੈਸ਼ਨਲ ਮਿਸ਼ਨ ਆਨ ਨੇਚੁਰਲ ਫਾਰਮਿੰਗ (ਐਨ.ਐੱਮ.ਐੱਨ.ਐੱਫ) ਤਹਿਤ ਕੁਦਰਤੀ ਖੇਤੀ ਬਾਰੇ ਇੱਕ ਦਿਨ ਦਾ ਸਿਖਲਾਈ ਪ੍ਰੋਗਰਾਮ ਆਯੋਜਿਤ ਕੀਤਾ। ਇਹ ਪ੍ਰੋਗਰਾਮ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ, ਰੋਪੜ ਦੇ ਸਹਿਯੋਗ ਨਾਲ ਕਰਵਾਇਆ ਗਿਆ। ਰੂਪਨਗਰ ਜ਼ਿਲ੍ਹੇ ਦੇ ਵੱਖ-ਵੱਖ ਬਲਾਕਾਂ ਤੋਂ 50 ਕਿਸਾਨ ਅਤੇ ਕਿਸਾਨ ਬੀਬੀਆਂ ਨੇ ਇਸ ਵਿੱਚ ਭਾਗ ਲਿਆ, ਜੋ ਕਿ ਐਨ.ਐੱਮ.ਐੱਨ.ਐੱਫ ਅਧੀਨ ਪ੍ਰਸ਼ਿਖਤ ਪੰਦਰਵਾਂ ਬੈਚ ਸੀ।
ਇਹ ਪਰੋਗ੍ਰਮ ਡਾ. ਸਤਬੀਰ ਸਿੰਘ, ਐਸੋਸੀਏਟ ਡਾਇਰੈਕਟਰ (ਟ੍ਰੇਨਿੰਗ), ਕੇ.ਵਿ.ਕੇ ਰੋਪੜ ਦੀ ਰਹਿਨੁਮਾਈ ਵਿੱਚ ਕਰਵਾਇਆ ਗਿਆ, ਜਦੋਂ ਕਿ ਤਕਨੀਕੀ ਸੈਸ਼ਨਾਂ ਦਾ ਸੰਚਾਲਨ ਡਾ. ਸੰਜੀਵ ਆਹੁਜਾ ਵੱਲੋਂ ਕੀਤਾ ਗਿਆ। ਉਨ੍ਹਾਂ ਨੇ ਐਨ.ਐੱਮ.ਐੱਨ.ਐੱਫ ਦੇ ਮੁੱਖ ਉਦੇਸ਼ਾਂ ਬਾਰੇ ਜਾਣਕਾਰੀ ਦਿੰਦਿਆਂ ਟਿਕਾਊ ਤੇ ਪਰਿਆਵਰਣ-ਮਿਤਰ ਖੇਤੀਬਾੜੀ ਤਰੀਕਿਆਂ ਨੂੰ ਅਪਣਾਉਣ ਦੀ ਲੋੜ ‘ਤੇ ਜ਼ੋਰ ਦਿੱਤਾ, ਤਾਂ ਜੋ ਰਸਾਇਣਕ ਖਾਦਾਂ ਤੇ ਕੀਟਨਾਸ਼ਕਾਂ ‘ਤੇ ਨਿਰਭਰਤਾ ਘਟੇ, ਮਿੱਟੀ ਦੀ ਸਿਹਤ ਸੰਭਾਲੀ ਜਾਵੇ ਅਤੇ ਭੋਜਨ ਸੁਰੱਖਿਆ ਯਕੀਨੀ ਬਣੇ। ਉਨ੍ਹਾਂ ਨੇ ਕਿਸਾਨਾਂ ਨੂੰ ਖੇਤੀ ਖਰਚ ਘਟਾਉਣ, ਖੇਤਾਂ ਦੀ ਟਿਕਾਊ ਪੈਦਾਵਾਰ ਵਧਾਉਣ ਅਤੇ ਮਨੁੱਖੀ ਤੇ ਵਾਤਾਵਰਣਕ ਸਿਹਤ ਦੀ ਰੱਖਿਆ ਲਈ ਕੁਦਰਤੀ ਖੇਤੀ ਵੱਲ ਪ੍ਰੇਰਿਤ ਕੀਤਾ।
ਪ੍ਰੈਕਟਿਕਲ ਸ਼ੈਸ਼ਨ ਵਿੱਚ ਕੁਦਰਤੀ ਖੇਤੀ ਵਿੱਚ ਘੱਟ ਖਰਚ ਵਾਲੇ, ਸਥਾਨਕ ਤੌਰ ‘ਤੇ ਉਪਲਬਧ ਜੈਵਿਕ ਘੋਲ ਜਿਵੇਂ ਬੀਜਾਮ੍ਰਿਤ, ਜੀਵਾਮ੍ਰਿਤ ਅਤੇ ਨੀਮਾਸਤਰ ਤਿਆਰ ਕਰਨ ਅਤੇ ਉਨ੍ਹਾਂ ਦੇ ਪ੍ਰਯੋਗ ਬਾਰੇ ਪ੍ਰਦਰਸ਼ਨ ਕਰਵਾਏ। ਕੁਦਰਤੀ ਖੇਤੀ ਤਰੀਕਿਆਂ ਨੂੰ ਹੋਰ ਪ੍ਰੋਤਸਾਹਿਤ ਕਰਨ ਲਈ, ਕੁਦਰਤੀ ਖੇਤੀ ਸੰਬੰਧੀ ਸਾਹਿਤ ਵੀ ਭਾਗੀਦਾਰਾਂ ਵਿੱਚ ਵੰਡਿਆ ਗਿਆ, ਤਾਂ ਜੋ ਉਹ ਇਨ੍ਹਾਂ ਤਰੀਕਿਆਂ ਨੂੰ ਆਪਣੇ ਖੇਤਾਂ ਵਿੱਚ ਅਪਣਾ ਕੇ ਪੈਦਾਵਾਰ ਵਿੱਚ ਸੁਧਾਰ ਕਰ ਸਕਣ ਅਤੇ ਵਾਤਾਵਰਣ ਦੀ ਸੰਭਾਲ ਕਰ ਸਕਣ।
