ਰਾਸ਼ਟਰੀ ਕੁਦਰਤੀ ਖੇਤੀ ਮਿਸ਼ਨ ਤਹਿਤ ਪੀ.ਏ.ਯੂ.-ਕ੍ਰਿਸ਼ੀ ਵਿਗਿਆਨ ਕੇਂਦਰ, ਬਾਹੋਵਾਲ, ਹੁਸ਼ਿਆਰਪੁਰ ਵੱਲੋਂ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ, ਹਸ਼ਿਆਰਪੁਰ ਦੇ ਸਹਿਯੋਗ ਨਾਲ ਮਿਤੀ 17 ਤੋਂ 21 ਨਵੰਬਰ, 2025 ਤੱਕ ਪੰਜ ਦਿਨਾਂ ਕੁਦਰਤੀ ਖੇਤੀ ਸਿਖਲਾਈ ਕੋਰਸ ਆਯੋਜਿਤ ਕੀਤਾ ਗਿਆ।
ਸਿਖਿਆਰਥੀਆਂ ਦਾ ਸੁਆਗਤ ਕਰਦਿਆਂ, ਡਾ. ਮਨਿੰਦਰ ਸਿੰਘ ਬੌਂਸ, ਸਹਿਯੋਗੀ ਨਿਰਦੇਸ਼ਕ (ਸਿਖਲਾਈ), ਪੀ.ਏ.ਯੂ.-ਕ੍ਰਿਸ਼ੀ ਵਿਗਿਆਨ ਕੇਂਦਰ, ਬਾਹੋਵਾਲ, ਹੁਸ਼ਿਆਰਪੁਰ ਨੇ ਕੇ.ਵੀ.ਕੇ. ਵੱਲੋਂ ਕਿਸਾਨ ਭਲਾਈ ਬਾਬਤ ਚੱਲ ਰਹੀਆਂ ਵੱਖ-ਵੱਖ ਗਤੀਵਿਧੀਆਂ ਨੂੰ ਉਨ੍ਹਾਂ ਨਾਲ ਸਾਂਝਾ ਕੀਤਾ। ਡਾ. ਬੌਂਸ ਨੇ ਕੁਦਰਤੀ ਖੇਤੀ ਦੀ ਮਹੱਤਤਾ ਅਤੇ ਦਾਇਰੇ ਬਾਰੇ ਚਾਨਣਾ ਪਾਇਆ ਅਤੇ ਸਿਖਿਆਰਥੀਆਂ ਨੂੰ ਬਿਹਤਰ ਮਨੁੱਖੀ, ਮਿੱਟੀ ਅਤੇ ਵਾਤਾਵਰਣ ਦੀ ਸਿਹਤ ਲਈ ਕੁਦਰਤੀ ਖੇਤੀ ਨੂੰ ਅਪਣਾਉਣ ਲਈ ਵੀ ਪ੍ਰੇਰਿਤ ਕੀਤਾ।
ਸ਼੍ਰੀ. ਸੁਖਪਾਲਵੀਰ ਸਿੰਘ, ਖੇਤੀਬਾੜੀ ਅਫਸਰ, ਹੁਸ਼ਿਆਰਪੁਰ ਅਤੇ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਵੱਲ਼ੋਂ ਇਸ ਮਿਸ਼ਨ ਦੇ ਨੋਡਲ ਅਫਸਰ ਵੀ ਸਿਖਿਆਰਥੀਆਂ ਨਾਲ ਰੂਬਰੂ ਹੋਏ ਅਤੇ ਉਨ੍ਹਾਂ ਦੱਸਿਆ ਕਿ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ, ਹਸ਼ਿਆਰਪੁਰ ਵੱਲੋਂ ਰਾਸ਼ਟਰੀ ਕੁਦਰਤੀ ਖੇਤੀ ਮਿਸ਼ਨ ਤਹਿਤ ਜਿਲੇ ਵਿੱਚ ਸਿਖਲਾਈਆਂ ਤੇ ਪ੍ਰਦਰਸ਼ਨੀਆਂ ਲਗਾਈਆਂ ਜਾ ਰਹੀਆਂ ਹਨ ਅਤੇ ਇਸ ਸਬੰਧੀ ਜਿਲੇ ਵਿੱਚ ਮਾਡਲ ਇਕਾਈਆਂ ਵੀ ਤਿਆਰ ਕੀਤੀਆਂ ਜਾ ਰਹੀਆਂ ਹਨ।
ਇਸ ਸਿਖਲਾਈ ਦੌਰਾਨ ਪੀ.ਏ.ਯੂ.-ਕ੍ਰਿਸ਼ੀ ਵਿਗਿਆਨ ਕੇਂਦਰ, ਹੁਸ਼ਿਆਰਪੁਰ ਦੇ ਮਾਹਿਰਾਂ ਵੱਲੋਂ ਤਕਨੀਕੀ ਜਾਣਕਾਰੀ ਸਾਂਝੀ ਕੀਤੀ ਗਈ।ਡਾ: ਪ੍ਰਭਜੋਤ ਕੌਰ, ਸਹਾਇਕ ਪ੍ਰੋਫੈਸਰ (ਪੌਦ ਸੁਰੱਖਿਆ) ਨੇ ਕਿਸਾਨਾਂ ਨੂੰ ਕੁਦਰਤੀ ਖੇਤੀ ਵਿੱਚ ਵਰਤੇ ਜਾਣ ਵਾਲੇ ਵੱਖ-ਵੱਖ ਜੈਵਿਕ ਪਦਾਰਥਾਂ ਬਾਰੇ ਵਿਸਥਾਰ ਨਾਲ ਜਾਣੰੂ ਕਰਵਾਇਆ।ਡਾ. ਪ੍ਰਭਜੋਤ ਨੇ ਅੱਛਾਧਨ ਮਲਚਿੰਗ ਅਤੇ ਮਿੱਟੀ ਵਿੱਚ ਨਮੀ ਸੰਭਾਲ ਦੀਆਂ ਤਕਨੀਕਾਂ ਬਾਰੇ ਵੀ ਜਾਣਕਾਰੀ ਦਿੱਤੀ।ਡਾ. ਕਰਮਵੀਰ ਸਿੰਘ ਗਰਚਾ, ਸਹਾਇਕ ਪ੍ਰੋਫੈਸਰ (ਸਬਜ਼ੀ ਵਿਗਿਆਨ) ਨੇ ਕੁਦਰਤੀ ਖੇਤੀ ਦੇ ਸਿਧਾਂਤਾਂ ਬਾਰੇ ਦੱਸਿਆ ਅਤੇ ਉਨ੍ਹਾਂ ਨੂੰ ਫਲਾਂ ਅਤੇ ਸਬਜ਼ੀਆਂ ਦੀ ਖੇਤੀ ਵਿੱਚ ਕਿਵੇਂ ਅਪਣਾਇਆ ਜਾ ਸਕਦਾ ਹੈ, ਇਸ ਬਾਰੇ ਚਰਚਾ ਕੀਤੀ।ਉਨ੍ਹਾਂ ਨੇ ਕੁਦਰਤੀ ਖੇਤੀ ਉਪਜ ਦੇ ਵਧੀਆ ਮੰਡੀਕਰਣ ਲਈ ਪ੍ਰੋਸੈਸਿੰਗ ਰਾਹੀਂ ਮੁੱਲ ਵਾਧੇ ਵਿੱਚ ਇਜਾਫੇ ਬਾਰੇ ਵੀ ਦੱਸਿਆ।ਇਸ ਸਿਖਲਾਈ ਮੌਕੇ ਕੁਦਰਤੀ ਖੇਤੀ ਵਿੱਚ ਵਰਤੋਂ ਲਈ ਪਦਾਰਥਾਂ ਬਾਰੇ ਵਿਧੀ ਪ੍ਰਦਰਸ਼ਨੀ ਵੀ ਕੀਤੀ ਗਈ।
ਸਿਖਿਆਰਥੀਆਂ ਦੇ ਗਿਆਨ ਵਾਧੇ ਲਈ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ ਵਿਖੇ ਜੈਵਿਕ ਤੇ ਕੁਦਰਤੀ ਖੇਤੀ ਸਕੂਲ ਵੀ ਲੈ ਜਾਇਆ ਗਿਆ ਜਿੱਥੇ ਨਿਰਦੇਸ਼ਕ ਡਾ. ਸੋਹਣ ਸਿੰਘ ਵਾਲੀਆ ਅਤੇ ਉਨ੍ਹਾਂ ਦੇ ਮਾਹਿਰਾਂ ਦੀ ਟੀਮ ਵੱਲੌਂ ਕੁਦਰਤੀ ਖੇੇਤੀ ਬਾਰੇ ਨਵੀਨਤਮ ਜਾਣਕਾਰੀ ਦਿੱਤੀ ਗਈ ਅਤੇ ਫਸਲ ਪ੍ਰਦਰਸ਼ਨੀਆਂ ਦਾ ਦੌਰਾ ਵੀ ਕਰਵਾਇਆ ਗਿਆ।
ਸਿਖਲਾਈ ਦੇ ਆਖਰੀ ਦਿਨ, ਇਨਾਮ ਜੇਤੂ ਅਤੇ ਅਗਾਂਹਵਧੂੂ ਕੁਦਰਤੀ ਖੇਤੀ ਕਰਨ ਵਾਲੇ ਕਿਸਾਨ, ਸ਼੍ਰੀ. ਨਰਿਂਦਰ ਸਿੰਘ, ਪਿੰਡ ਅੱਜੋਵਾਲ ਦੇ ਫਾਰਮ ਦਾ ਦੌਰਾ ਕਰਵਾਇਆ ਗਿਆ ਜਿੱਥੇ ਉਹਨਾਂ ਨੇ ਕੁਦਰਤੀ ਖੇਤੀ ਬਾਬਤ ਅਤੇ ਕੁਦਰਤੀ ਖੇਤੀ ਉਪਜ ਦੇ ਮੰਡੀਕਰਨ ਬਾਰੇ ਆਪਣੇ ਤਜਰਬੇ ਸਾਂਝੇ ਕੀਤੇ।
