Menu

ਪੰਜਾਬ ਖੇਤੀਬਾੜੀ ਯੂਨੀਵਰਸਿਟੀ
PUNJAB AGRICULTURAL UNIVERSITY

Menu

ਪੀ.ਏ.ਯੂ.-ਕ੍ਰਿਸ਼ੀ ਵਿਗਿਆਨ ਕੇਂਦਰ, ਹੁਸ਼ਿਆਰਪੁਰ ਨੇ ਖੇਤੀ ਭਵਨ, ਟਾਂਡਾ ਵਿਖੇ ਕੁਦਰਤੀ ਖੇਤੀ ਬਾਬਤ ਸਿਖਲਾਈ ਕੋਰਸ ਲਗਾਇਆ

ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੀ ਸਰਪਰਸਤੀ ਹੇਠ ਕੰਮ ਕਰ ਰਹੇ ਕ੍ਰਿਸ਼ੀ ਵਿਗਿਆਨ ਕੇਂਦਰ, ਬਾਹੋਵਾਲ, ਹੁਸ਼ਿਆਰਪੁਰ ਵੱਲੋਂ ਮਿਤੀ 27 ਨਵੰਬਰ, 2025 ਨੂੰ ਕੁਦਰਤੀ ਖੇਤੀ ਬਾਬਤ ਸਿਖਲਾਈ ਕੋਰਸ ਦਾ ਖੇਤੀ ਭਵਨ, ਟਾਂਡਾ ਵਿਖੇ ਲਗਾਇਆ ਗਿਆ।ਇਹ ਕੈਂਪ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੇ ਸਹਿਯੋਗ ਨਾਲ ਰਾਸ਼ਟਰੀ ਕੁਦਰਤੀ ਖੇਤੀ ਮਿਸ਼ਨ ਦੇ ਤਹਿਤ ਕਰਵਾਇਆ ਗਿਆ ਅਤੇ ਇਸ ਵਿੱਚ ਟਾਂਡਾ ਬਲਾਕ ਦੇ ਕਿਸਾਨਾਂ ਨੇ ਭਾਗ ਲਿਆ।

ਸਿਖਲਾਈ ਦੀ ਸ਼ੁਰੂਆਤ ਵਿੱਚ ਖੇਤੀਬਾੜੀ ਅਫਸਰ, ਹੁਸ਼ਿਆਰਪੁਰ, ਸ਼੍ਰੀ. ਗਗਨਦੀਪ ਸਿੰਘ ਨੇ ਮਾਹਿਰਾਂ ਤੇ ਕਿਸਾਨਾਂ ਦਾ ਸਵਾਗਤ ਕੀਤਾ ਅਤੇ ਉਨ੍ਹਾਂ ਦੱਸਿਆ ਕਿ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਰਾਸ਼ਟਰੀ ਕੁਦਰਤੀ ਖੇਤੀ ਮਿਸ਼ਨ ਤਹਿਤ ਜਿਲੇ ਵਿੱਚ ਸਿਖਲਾਈਆਂ ਲਗਾਈਆਂ ਜਾ ਰਹੀਆਂ ਹਨਾਂ ਅਤੇ ਇਸ ਸਬੰਧੀ ਮਾਡਲ ਇਕਾਈਆਂ ਵੀ ਤਿਆਰ ਕੀਤੀਆਂ ਜਾ ਰਹੀਆਂ ਹਨ।
ਕਿਸਾਨਾਂ ਨੂੰ ਸੰਬੋਧਿਤ ਕਰਦਿਆਂ ਪੀ.ਏ.ਯੂ.-ਕ੍ਰਿਸ਼ੀ ਵਿਗਿਆਨ ਕੇਂਦਰ, ਹੁਸ਼ਿਆਰਪੁਰ ਦੇ ਸਹਿਯੋਗੀ ਨਿਰਦੇਸ਼ਕ (ਸਿਖਲਾਈ), ਡਾ. ਮਨਿੰਦਰ ਸਿੰਘ ਬੋੰਸ ਨੇ ਕੁਦਰਤੀ ਖੇਤੀ ਨਾਲ ਖਰਚ ਘਟਣ, ਮਿੱਟੀ ਦੀ ਉਪਜਾਊ ਸ਼ਕਤੀ ਵਧਣ ਅਤੇ ਮਨੁੱਖੀ ਸਿਹਤ ਅਤੇ ਵਾਤਾਵਰਨ ਦੀ ਸੁਰੱਖਿਆ ਹੋਣ ਬਾਰੇ ਕਿਹਾ।ਉਨ੍ਹਾਂ ਨੇ ਕਿਸਾਨਾਂ ਨੂੰ ਵਧੇਰੇ ਮੁਨਾਫੇ ਅਤੇ ਆਉਣ ਵਾਲੀਆਂ ਪੀੜੀਆਂ ਲਈ ਕੁਦਰਤੀ ਖੇਤੀ ਅਪਣਾਉਣ ਲਈ ਪ੍ਰੇਰਿਤ ਕੀਤਾ।ਡਾ. ਬੌਂਸ ਨੇ ਕੁਦਰਤੀ ਖੇਤੀ ਉਪਜ ਦੇ ਵਧੀਆ ਮੰਡੀਕਰਣ ਲਈ ਪ੍ਰੋਸੈਸਿੰਗ ਰਾਹੀਂ ਮੁੱਲ ਵਾਧੇ ਵਿੱਚ ਇਜਾਫੇ ਬਾਰੇ ਵੀ ਦੱਸਿਆ।

ਇਸ ਸਿਖਲਾਈ ਦੌਰਾਨ ਪੀ.ਏ.ਯੂ.-ਕ੍ਰਿਸ਼ੀ ਵਿਗਿਆਨ ਕੇਂਦਰ, ਹੁਸ਼ਿਆਰਪੁਰ ਦੇ ਸਹਾਇਕ ਪ੍ਰੋਫੈਸਰ (ਸਬਜ਼ੀ ਵਿਗਿਆਨ), ਡਾ. ਕਰਮਵੀਰ ਸਿੰਘ ਗਰਚਾ ਵੱਲੋਂ ਕੁਦਰਤੀ ਖੇਤੀ ਦੇ ਸਿਧਾਤਾਂ ਬਾਰੇ ਤਕਨੀਕੀ ਜਾਣਕਾਰੀ ਸਾਂਝੀ ਕੀਤੀ ਗਈ।ਉਨ੍ਹਾਂ ਕਿਸਾਨਾਂ ਨੂੰ ਕੁਦਰਤੀ ਖੇਤੀ ਵਿੱਚ ਵਰਤੇ ਜਾਣ ਵਾਲੇ ਵੱਖ-ਵੱਖ ਜੈਵਿਕ ਪਦਾਰਥਾਂ ਜਿਵੇਂਕਿ ਬੀਜਅੰਮ੍ਰਿਤ, ਜੀਵਅੰਮ੍ਰਿਤ, ਘਣਜੀਵਅੰਮ੍ਰਿਤ, ਬ੍ਰਹਮਅਸਤਰ ਅਤੇ ਅਗਨੀਅਸਤਰ ਬਾਰੇ ਵਿਸਥਾਰ ਨਾਲ ਜਾਣੂੰ ਕਰਵਾਇਆ।ਡਾ. ਗਰਚਾ ਨੇ ਅੱਛਾਧਨ (ਮਲਚਿੰਗ) ਅਤੇ ਵਾਪਸਾ (ਮਿੱਟੀ ਵਿੱਚ ਨਮੀ ਸੰਭਾਲ) ਦੀਆਂ ਤਕਨੀਕਾਂ ਬਾਰੇ ਵੀ ਜਾਣਕਾਰੀ ਦਿੱਤੀ।
ਕੈਂਪ ਵਿੱਚ ਪਹੁੰਚੇ ਸਿਟਰਸ ਅਸਟੇਟ, ਭੂੰਗਾ ਦੇ ਚੇਅਰਮੈਨ ਤੇ ਮੁੱਖ ਪ੍ਰਬੰਧਕੀ ਅਫਸਰ, ਸ਼੍ਰੀ. ਜਸਪਾਲ ਸਿੰਘ ਢੇਰੀ ਨੇ ਵੀ ਕਿਸਾਨਾਂ ਨਾਲ ਆਪਣੇ ਵਿਚਾਰ ਸਾਂਝੇ ਕੀਤੇ ਤੇ ਅਸਟੇਟ ਦੀਆਂ ਮੁੱਖ ਗਤੀਵਿਧੀਆਂ ਬਾਰੇ ਜਾਣੂੰ ਕਰਵਾਇਆ ਜਦਕਿ ਬਾਗਬਾਨੀ ਵਿਕਾਸ ਅਫਸਰ, ਸ਼੍ਰੀ.ਲਖਬੀਰ ਸਿੰਘ ਨੇ ਵਿਭਾਗੀ ਸਕੀਮਾਂ ਬਾਰੇ ਚਾਨਣਾ ਪਾਇਆ।

ਇਸ ਮੌਕੇ ਕੁਦਰਤੀ ਖੇਤੀ ਅਪਨਾਉਣ ਵਾਲੇ ਇਲਾਕੇ ਦੇ ਅਗਾਂਹਵਧੂ ਕਿਸਾਨਾਂ, ਇੰਜੀ. ਕਰਮਜੀਤ ਸਿੰਘ, ਪਿੰਡ ਖੁੱਡਾ ਅਤੇ ਸ਼੍ਰੀ. ਹਰਪ੍ਰੀਤ ਸਿੰਘ ਸੱਗੀ, ਪਿੰਡ ਕਮਾਲਪੁਰ ਨੇ ਕਿਸਾਨਾਂ ਨਾਲ ਆਪਣੇ ਤਜਰਬੇ ਸਾਂਝੇ ਕੀਤੇ ਅਤੇ ਕੁਦਰਤੀ ਖੇਤੀ ਬਾਬਤ ਧਿਆਨ ਰੱਖਣ ਯੋਗ ਅਹਿਮ ਨੁਕਤੇ ਦੱਸੇ।
ਸਿਖਲਾਈ ਦੇ ਅੰਤ ਵਿੱਚ ਟਾਂਡਾ ਬਲਾਕ ਦੇ ਖੇਤੀਬਾੜੀ ਵਿਕਾਸ ਅਫਸਰ, ਸ਼੍ਰੀ. ਲਵਜੀਤ ਸਿੰਘ ਵੱਲੋਂ ਕਿਸਾਨ ਭਲਾਈ ਬਾਬਤ ਵਿਭਾਗੀ ਸਕੀਮਾਂ ਬਾਰੇ ਜਾਣਕਾਰੀ ਦਿੱਤੀ ਗਈ ਅਤੇ ਮਾਹਿਰਾਂ ਤੇ ਕਿਸਾਨਾਂ ਦਾ ਧੰਨਵਾਦ ਕੀਤਾ ਗਿਆ।