ਪੰਜਾਬ ਐਗਰੀਕਲਚਰਲ ਯੂਨੀਵਰਸਟੀ ਦੇ ਅਦਾਰੇ ਕ੍ਰਿਸ਼ੀ ਵਿਗਿਆਨ ਕੇਂਦਰ, ਪਟਿਆਲਾ ਵੱਲੋਂ ਗ੍ਰਹਿ ਵਿਗਿਆਨ ਵਿੱਚ ਉੱਦਮੀਕਰਣ ਦੀਆਂ ਸੰਯੁਕਤ ਤਕਨੀਕਾਂ ਬਾਰੇ ਪੰਜ ਰੋਜ਼ਾ ਕਿੱਤਾ ਮੁਖੀ ਸਿਖਲਾਈ ਕੋਰਸ ਦਾ ਆਯੋਜਨ ਮਿਤੀ 27 ਨਵੰਬਰ ਤੋਂ 03 ਦਸੰਬਰ 2025 ਤੱਕ ਕੀਤਾ ਗਿਆ। ਇਸ ਕੋਰਸ ਵਿਚ ਜ਼ਿਲ੍ਹਾ ਪਟਿਆਲਾ ਦੇ ਵੱਖ-ਵੱਖ ਪਿੰਡਾਂ ਜਿਵੇਂ ਕਿ ਬਨੇਰਾ ਖੁਰਦ, ਰਣਜੀਤਗੜ੍ਹ, ਛੀਂਟਾਵਾਲਾ, ਨੰਦਪੁਰ ਕੇਸ਼ੋ, ਭੁੰਨਰਹੇੜੀ ਅਤੇ ਜ਼ਿਲ੍ਹਾ ਬਠਿੰਡਾ, ਮਾਨਸਾ ਅਤੇ ਮਲੇਰਕੋਟਲਾ ਤੋਂ 51 ਪੇਂਡੂ ਔਰਤਾਂ, ਲੜਕੀਆਂ ਅਤੇ ਨੌਜੁਆਨਾਂ ਨੇ ਭਾਗ ਲਿਆ। ਡਾ. ਗੁਰਉਪਦੇਸ਼ ਕੌਰ, ਪ੍ਰੋਫੈਸਰ (ਗ੍ਰਹਿ ਵਿਗਿਆਨ) ਨੇ ਕੱਪੜਿਆਂ ਦੀ ਸਾਜ-ਸਜਾਵਟ ਲਈ ਬਾਧਨੀ ਕਲਾ ਦੀਆਂ ਵੱਖ-ਵੱਖ ਤਕਨੀਕਾਂ ਦੱਸੀਆਂ ਅਤੇ ਵੱਖ-ਵੱਖ ਤਰ੍ਹਾਂ ਦੇ ਸਮਾਨ ਜਿਵੇਂ ਕਿ ਦੁਪੱਟੇ, ਸੂਟ, ਕੁਸ਼ਨ ਕਵਰ, ਚਾਦਰਾਂ ਅਤੇ ਪਰਦਿਆਂ ਦੀ ਰੰਗਾਈ ਬਾਰੇ ਤਕਨੀਕੀ ਜਾਣਕਾਰੀ ਦਿੱਤੀ। ਘਰ ਵਿਚ ਸਾਬਣ, ਸਰਫ ਅਤੇ ਜੈਵਿਕ-ਇੰਨਜਾਇਮ ਬਣਾਉਣ ਦੀਆਂ ਵਾਤਾਵਰਣ ਅਨੂਕੁਲਿਤ ਤਕਨੀਕਾਂ ਬਾਰੇ ਵੀ ਸਿਖਿਆਰਥਣਾਂ ਨੇ ਬਹੁਤ ਉਤਸ਼ਾਹ ਨਾਲ ਸਿੱਖਿਆ। ਸਿਖਲਾਈ ਦੌਰਾਨ ਸਫਲ ਸਿਖਿਆਰਥਣਾਂ ਸ੍ਰੀਮਤੀ ਸੁਮਨ ਕੌਸ਼ਿਕ (ਹਾਰਵੇ ਸੈਲਫ-ਹੈਲਪ ਗਰੁੱਪ) ਅਤੇ ਸ੍ਰੀਮਤੀ ਭਿੰਦਰ ਕੌਰ (ਏਕਤਾ ਸੈਲਫ ਹੈਲਪ ਗਰੁੱਪ) ਨੇ ਸਵੈ-ਸਮੂਹਾਂ ਦੇ ਸ਼ਕਤੀਕਰਣ ਬਾਰੇ ਪ੍ਰੇਰਿਤ ਭਾਸ਼ਣ ਦਿੱਤਾ ਅਤੇ ਆਰਥਿਕ ਆਤਮ-ਨਿਰਭਰਤਾ ਬਾਰੇ ਆਪਣੇ ਤਜ਼ਰਬੇ ਸਾਂਝੇ ਕੀਤੇ।ਸਿਖਲਾਈ ਦੌਰਾਨ ਡਾ. ਹਰਦੀਪ ਸਿੰਘ ਸਭਿਖੀ, ਡਿਪਟੀ ਡਾਇਰੈਕਟਰ (ਸਿਖਲਾਈ) ਨੇ ਕਿਸਾਨ ਬੀਬੀਆਂ ਨੂੰ ਆਪਣਾ ਹੁਨਰ ਪਛਾਣ ਕੇ ਹੱਥ ਦੀ ਦਸਤਕਾਰੀ ਨੂੰ ਵਪਾਰਕ ਪੱਧਰ ਤੇ ਤੋਰਣ ਲਈ ਪ੍ਰੇਰਿਤ ਕੀਤਾ। ਉਹਨਾਂ ਨੇ ਜੰਮੇ ਹੋਏ ਸ਼ਹਿਦ ਦੇ ਖੁਰਾਕੀ ਗੁਣਾਂ ਬਾਰੇ ਵੀ ਵਿਸਥਾਰ ਸਹਿਤ ਜਾਣਕਾਰੀ ਦਿੱਤੀ। ਇਸ ਸਿਖਲਾਈ ਦੇ ਦੌਰਾਨ ਸਿਖਿਆਰਥਣਾਂ
ਨੇ ਬਾਰਾਂਦਰੀ ਬਾਗ ਦੇ ਵਿੱਚ ਲੱਗਦੀ ਅੋਰਗੈਨਿਕ ਮੰਡੀ ਦਾ ਦੌਰਾ ਵੀ ਕੀਤਾ। ਸਿਖਲਾਈ ਦੇ ਆਖਰੀ ਦਿਨ ਸਿਖਿਆਰਥਣਾਂ ਨੇ ਆਪਣੇ ਸੁਝਾਅ ਸਾਂਝੇ ਕੀਤੇ ਅਤੇ ਉਹਨਾਂ ਨੂੰ ਪੰਜਾਬ ਐਗਰੀਕਲਚਰਲ ਯੂਨੀਵਰਸਟੀ ਦਾ ਸਾਹਿਤ ਵੀ ਵੰਡਿਆਂ ਗਿਆ।
