ਪੰਜਾਬ ਖੇਤੀਬਾੜੀ ਯੂਨੀਵਰਸਿਟੀ^ਕ੍ਰਿਸ਼ੀ ਵਿਗਿਆਨ ਕੇਂਦਰ (ਕੇ.ਵੀ.ਕੇ.), ਖੋਖਰ ਖੁਰਦ, ਮਾਨਸਾ ਵਿਖੇ ਵਿਸ਼ਵ ਭੂਮੀ ਦਿਵਸ ਮਨਾਇਆ ਗਿਆ। ਇਸ ਸਮਾਗਮ ਵਿੱਚ ਆਸ^ਪਾਸ ਦੇ ਪਿੰਡਾਂ ਦੇ 31 ਅਗਾਂਹਵਧੂ ਕਿਸਾਨਾਂ ਨੇ ਬੜੇ ਉਤਸ਼ਾਹ ਨਾਲ ਹਿੱਸਾ ਲਿਆ।
ਪ੍ਰੋਗਰਾਮ ਦੀ ਸ਼ੁਰੂਆਤ ਕੇ.ਵੀ.ਕੇ ਖੋਖਰ ਖੁਰਦ ਦੇ ਡਾਇਰੈਕਟਰ ਡਾ. ਅਜੀਤਪਾਲ ਸਿੰਘ ਧਾਲੀਵਾਲ ਵੱਲੋਂ ਸਵਾਗਤ ਭਾਸ਼ਣ ਨਾਲ ਹੋਈ। ਡਾ. ਧਾਲੀਵਾਲ ਨੇ ਸ਼ਿਰਕਤ ਕਰਨ ਵਾਲੇ ਕਿਸਾਨਾਂ ਨੂੰ ਕੇਂਦਰ ਵਿੱਚ ਉਪਲਬਧ ਕਿਸਾਨ-ਭਲਾਈ ਸਹੂਲਤਾਂ (ਸਹਾਇਕ ਧੰਦਿਆਂ ਤੇ ਸਿਖਲਾਈ ਪ੍ਰੋਗਰਾਮ, ਵੱਖ-ਵੱਖ ਖੇਤੀ ਅਤੇ ਸਬਜ਼ੀਆਂ ਦੀਆਂ ਫਸਲਾਂ ਦੇ ਗੁਣਵੱਤਾ ਵਾਲੇ ਬੀਜ, ਸਬਜ਼ੀਆਂ ਦੇ ਬੂਟੇ, ਦੁਧਾਰੂ ਪਸ਼ਆਂ ਲਈ ਧਾਂਤਾ ਦਾ ਚੂਰਾ, ਫਸਲੀ ਰਹਿੰਦ^ਖੂੰਹਦ ਪ੍ਰਬੰਧਨ ਲਈ ਮਸ਼ੀਨਰੀ ਆਦਿ) ਬਾਰੇ ਜਾਣੂ ਕਰਵਾਇਆ।
ਡਾ. ਰਣਵੀਰ ਸਿੰਘ, ਸਹਾਇਕ ਪ੍ਰੋਫੈਸਰ (ਪੌਦ ਸੁਰੱਖਿਆ) ਨੇ ਮਿੱਟੀ ਸੰਭਾਲ ਤਕਨੀਕਾਂ ਤੇ ਵਿਸਥਾਰਤ ਤਕਨੀਕੀ ਭਾਸ਼ਣ ਦਿੱਤਾ। ਉਨ੍ਹਾਂ ਨੇ ਮਿੱਟੀ ਪਰਖ ਅਧਾਰਿਤ ਖਾਦਾਂ ਦੀ ਵਰਤੋਂ ਦੀ ਮਹੱਤਤਾ ਤੇ ਜ਼ੋਰ ਦਿੱਤਾ ਤਾਂ ਜੋ ਮਿੱਟੀ ਵਿੱਚ ਤੱਤਾਂ ਦਾ ਅਸੰਤੁਲਨ ਨਾ ਹੋਵੇ ਅਤੇ ਲੰਬੇ ਸਮੇਂ ਤੱਕ ਮਿੱਟੀ ਦੀ ਉਪਜਾਊ ਸ਼ਕਤੀ ਬਣੀ ਰਹੇ। ਡਾ. ਸਿੰਘ ਨੇ ਕਿਸਾਨਾਂ ਨੂੰ ਇਹ ਵੀ ਦੱਸਿਆ ਕਿ ਕੇ.ਵੀ.ਕੇ. ਖੋਖਰ ਖੁਰਦ ਵਿਖੇ ਮਿੱਟੀ ਅਤੇ ਪਾਣੀ ਪਰਖ ਲੈਬਾਰਟਰੀ ਕਾਰਜਸ਼ੀਲ ਹੈ, ਜਿੱਥੇ ਕਿਸਾਨ ਬਹੁਤ ਘੱਟ ਫੀਸ ਤੇ ਆਪਣੇ ਖੇਤ ਦੀ ਮਿੱਟੀ ਅਤੇ ਪਾਣੀ ਦੇ ਨਮੂਨਿਆਂ ਦੀ ਪਰਖ ਕਰਵਾ ਸਕਦੇ ਹਨ।
ਸਮਾਪਤੀ ਭਾਸ਼ਣ ਵਿੱਚ ਡਾ. ਅਜੀਤਪਾਲ ਸਿੰਘ ਧਾਲੀਵਾਲ ਨੇ ਕਿਸਾਨਾਂ ਦੇ ਉਤਸ਼ਾਹਪੂਰਨ ਹਿੱਸੇ ਲਈ ਧੰਨਵਾਦ ਕੀਤਾ ਅਤੇ ਉਨ੍ਹਾਂ ਨੂੰ ਅਪੀਲ ਕੀਤੀ ਕਿ ਖੇਤੀ ਗਤੀਵਿਧੀਆਂ ਨਾਲ ਜੁੜੀ ਕਿਸੇ ਵੀ ਸਮੱਸਿਅਵਾ ਦੇ ਹੱਲ ਲਈ ਕਿਸੇ ਵੀ ਸਮੇਂ ਕੇ.ਵੀ.ਕੇ ਦੇ ਵਿਗਿਆਨੀਆ ਨਾਲ ਸੰਪਰਕ ਕਰ ਸਕਦੇ ਹਨ। ਪ੍ਰੋਗਰਾਮ ਦਾ ਸਮਾਪਨ ਇੱਕ ਗੱਲਬਾਤ ਸੈਸ਼ਨ ਨਾਲ ਹੋਇਆ ਜਿਸ ਵਿੱਚ ਕਿਸਾਨਾਂ ਨੇ ਆਪਣੇ-ਆਪਣੇ ਪ੍ਰਸ਼ਨ ਪੁੱਛੇ ਅਤੇ ਮਾਹਿਰਾਂ ਵੱਲੋਂ ਉਹਨਾਂ ਦੇ ਜਵਾਬ ਦਿੱਤੇ ਗਏ। ਕੇ.ਵੀ.ਕੇ ਖੋਖਰ ਖੁਰਦ ਮਾਨਸਾ ਜਿਲ੍ਹੇ ਦੇ ਕਿਸਾਨ ਭਲਾਈ ਲਈ ਮਿੱਟੀ ਦੀ ਸਿਹਤ ਬਾਰੇ ਜਾਗਰੂਕਤਾ ਅਤੇ ਟਿਕਾਊ ਖੇਤੀ ਅਭਿਆਸਾਂ ਨੂੰ ਉਤਸ਼ਾਹਿਤ ਕਰਨ ਲਈ ਪੂਰੀ ਤਰ੍ਹਾਂ ਵਚਨਬੱਧ ਹੈ।
