Menu

ਪੰਜਾਬ ਖੇਤੀਬਾੜੀ ਯੂਨੀਵਰਸਿਟੀ
PUNJAB AGRICULTURAL UNIVERSITY

Menu

ਪੀ.ਏ.ਯੂ.-ਕ੍ਰਿਸ਼ੀ ਵਿਗਿਆਨ ਕੇਂਦਰ, ਸੰਗਰੂਰ ਵੱਲੋਂ ਵਿਸ਼ਵ ਮਿੱਟੀ ਸਿਹਤ ਦਿਵਸ ਦਾ ਆਯੋਜਨ

ਨਿਰਦੇਸ਼ਕ ਪਸਾਰ ਸਿੱਖਿਆ, ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਅਤੇ ਡਾਇਰੈਕਟਰ, ਆਈ.ਸੀ.ਏ.ਆਰ-ਅਟਾਰੀ, ਜ਼ੋਨ 1,
ਲੁਧਿਆਣਾ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਡਾ. ਮਨਦੀਪ ਸਿੰਘ, ਇੰਚਾਰਜ, ਕ੍ਰਿਸ਼ੀ ਵਿਗਿਆਨ ਕੇਂਦਰ, ਖੇੜੀ (ਸੰਗਰੂਰ) ਦੀ ਯੋਗ ਅਗਵਾਈ ਹੇਠ ਮਿਤੀ 5 ਦਸੰਬਰ, 2025 ਨੂੰ ਕ੍ਰਿਸ਼ੀ ਵਿਗਿਆਨ ਕੇਂਦਰ, ਖੇੜੀ (ਸੰਗਰੂਰ) ਵਿਖੇ ਵਿਸ਼ਵ ਮਿੱਟੀ ਸਿਹਤ ਦਿਵਸ ਮਨਾਇਆ ਗਿਆ। ਜਿਸ ਵਿੱਚ ਲਗਭਗ 50 ਕਿਸਾਨ ਅਤੇ ਕਿਸਾਨ ਬੀਬੀਆਂ ਨੇ ਸ਼ਮੂਲੀਅਤ ਕੀਤੀ।
ਇਸ ਪ੍ਰੋਗਰਾਮ ਦਾ ਮੁੱਖ ਉਦੇਸ਼ ਮਿੱਟੀ ਦੀ ਸਿਹਤ ਦੀ ਮਹੱਤਤਾ ਬਾਰੇ ਜਾਗਰੂਕਤਾ ਫੈਲਾਉਣਾ ਅਤੇ ਭਵਿੱਖੀ ਪੀੜ੍ਹੀਆਂ ਲਈ ਇਸ ਮਹੱਤਵਪੂਰਣ ਸਰੋਤ ਦੀ ਰੱਖਿਆ ਕਰਨ ਲਈ ਸਥਾਈ ਪ੍ਰਬੰਧਨ ਨੂੰ ਪ੍ਰੋਤਸ਼ਾਹਿਤ ਕਰਨਾ ਸੀ।
ਇਸ ਮੌਕੇ ਡਾ. ਮਨਦੀਪ ਸਿੰਘ, ਇੰਚਾਰਜ , ਕ੍ਰਿਸ਼ੀ ਵਿਗਿਆਨ ਕੇਂਦਰ, ਸੰਗਰੂਰ ਨੇ ਆਏ ਹੋਏ ਕਿਸਾਨਾਂ ਦਾ ਸਵਾਗਤ ਕਰਦਿਆਂ ਉਨ੍ਹਾਂ ਨੂੰ ਵਿਸ਼ਵ ਮਿੱਟੀ ਸਿਹਤ ਦਿਵਸ ਮਨਾਉਣ ਦੀ ਮਹੱਤਤਾ ਬਾਰੇ ਜਾਣੂ ਕਰਵਾਇਆ। ਉਹਨਾਂ ਦੱਸਿਆ ਕਿ ਫਸਲਾਂ ਵਿੱਚ ਪੈਣ ਵਾਲੀਆਂ ਖਾਦਾਂ ਦੀ ਮਾਤਰਾ ਮਿੱਟੀ ਦੀ ਗੁਣਵੱਤਾ ਉੱਤੇ ਨਿਰਭਰ ਕਰਦੀ ਹੈ। ਜਿਸ ਦਾ ਸਿੱਧਾ ਅਸਰ ਖੇਤੀ ਖਰਚਿਆਂ ਤੇ ਪੈਂਦਾ ਹੈ। ਮਿੱਟੀ ਦੀ ਗੁਣਵੱਤਾ ਇਸ ਦੀ ਜਾਂਚ ਕਰਵਾ ਕੇ ਹੀ ਪਤਾ ਕੀਤੀ ਜਾ ਸਕਦੀ ਹੈ। ਇਸ ਲਈ ਉਨ੍ਹਾਂ ਨੇ ਕਿਸਾਨਾਂ ਨੂੰ ਮਿੱਟੀ ਦੀ ਜਾਂਚ ਕਰਵਾਉਣ ਦੀ ਪੁਰਜ਼ੋਰ ਅਪੀਲ ਕੀਤੀ ਅਤੇ ਮਿੱਟੀ ਦੀ ਸਿਹਤ ਦੀ ਸੁਰੱਖਿਆ, ਉਪਜਾਊ ਸ਼ਕਤੀ ਅਤੇ ਪ੍ਰਦੂਸ਼ਣ ਮੁਕਤ ਬਣਾਉਣ ਵਿੱਚ ਸਹਿਯੋਗ ਮੰਗਿਆ। ਇਸ ਤੋਂ ਇਲਾਵਾ ਉਹਨਾਂ ਕਿਸਾਨਾਂ ਨੂੰ ਕ੍ਰਿਸ਼ੀ ਵਿਗਿਆਨ ਕੇਂਦਰ ਦੀਆਂ ਵੱਖ-ਵੱਖ ਗਤੀਵਿਧੀਆਂ ਅਤੇ ਸਿਖਲਾਈ ਪ੍ਰੋਗਰਾਮਾਂ ਬਾਰੇ ਵੀ ਜਾਗਰੂਕ ਕੀਤਾ।
ਸ੍ਰੀਮਤੀ ਅਮਰਪ੍ਰੀਤ ਕੌਰ, ਪ੍ਰੋਗਰਾਮ ਸਹਾਇਕ (ਲੈਬ ਟੈਕਨੀਸ਼ੀਅਨ) ਨੇ ਮਿੱਟੀ ਅਤੇ ਪਾਣੀ ਦੀ ਜਾਂਚ ਕਰਵਾਉਣ ਲਈ ਨਮੂਨੇ ਲੈਣ ਸਮੇਂ ਧਿਆਨ ਰੱਖਣ ਯੋਗ ਗੱਲਾਂ ਬਾਰੇ ਤਕਨੀਕੀ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਮਿੱਟੀ ਵਿੱਚ ਪਾਏ ਜਾਣ ਵਾਲੇ ਛੋਟੇ ਤੱਤ ਵੀ ਵੱਡੇ ਤੱਤਾਂ ਜਿੰਨੇ ਹੀ ਮਹੱਤਵਪੂਰਨ ਹਨ। ਇਸ ਲਈ ਮਿੱਟੀ ਦੀ ਜਾਂਚ ਕਰਵਾਉਂਦੇ ਸਮੇਂ ਛੋਟੇ ਤੱਤਾਂ ਦੀ ਜਾਂਚ ਵੀ ਜ਼ਰੂਰ ਕਰਵਾਈ ਜਾਵੇ। ਉਨ੍ਹਾਂ ਪਾਣੀ ਦੀ ਜਾਂਚ ਦੀ ਮਹੱਤਤਾ ਦੱਸਦਿਆਂ ਕਿਹਾ ਕਿ ਪਾਣੀ ਦੀ ਗੁਣਵੱਤਾ ਦਾ ਮਿੱਟੀ ਦੀ ਸਿਹਤ ‘ਤੇ ਸਿੱਧਾ ਅਸਰ ਪੈਂਦਾ ਹੈ ਇਸ ਕਰਕੇ ਮਿੱਟੀ ਦੇ ਨਾਲ-ਨਾਲ ਪਾਣੀ ਵੀ ਟੈਸਟ ਕਰਵਾਉਣਾ ਜ਼ਰੂਰੀ ਹੁੰਦਾ ਹੈ।
ਡਾ ਰੁਕਿੰਦਰਪ੍ਰੀਤ ਸਿੰਘ, ਸਹਾਇਕ ਪ੍ਰੋਫੈਸਰ (ਫ਼ਸਲ ਵਿਗਿਆਨ) ਨੇ ਕਿਸਾਨਾਂ ਅਤੇ ਕਿਸਾਨ ਬੀਬੀਆਂ ਨੂੰ ਜੈਵਿਕ ਖੇਤੀ ਅਤੇ ਗੰਡੋਆ ਖਾਦ ਤਿਆਰ ਕਰਨ ਬਾਰੇ ਮਹੱਤਵਪੂਰਨ ਜਾਣਕਾਰੀ ਦਿੱਤੀ।
ਅਖੀਰ ਵਿੱਚ ਕਿਸਾਨਾਂ ਨੂੰ ਮਿੱਟੀ ਅਤੇ ਪਾਣੀ ਦੇ ਨਮੂਨੇ ਲੈਣ ਬਾਬਤ ਖੇਤੀ ਸਾਹਿਤ ਵੰਡਿਆ ਗਿਆ ਅਤੇ ਮਿੱਟੀ ਦੀ ਸੁਰੱਖਿਆ ਲਈ ਮਿੱਟੀ ਦੀ ਸਿਹਤ ਦੀ ਜਾਂਚ ਕਰਵਾਉਣ ਲਈ ਸਹੁੰ ਚੁਕਵਾਈ ਗਈ।