ਪੀ.ਏ.ਯੂ. ਦੇ ਬਾਇਓਤਕਨਾਲੋਜੀ ਮਾਹਿਰ ਅਤੇ ਡਾ. ਗੁਰਦੇਵ ਸਿੰਘ ਖੁਸ਼ ਜੈਨੇਟਿਕ ਸੰਸਥਾਨ ਦੇ ਨਿਰਦੇਸ਼ਕ ਡਾ. ਪ੍ਰਵੀਨ ਛੁਨੇਜਾ ਨੂੰ ਆਈ ਸੀ ਏ ਆਰ ਦੀ ਰਾਸ਼ਟਰੀ ਪ੍ਰੋਫੈਸਰ ਯੋਜਨਾ ਅਧੀਨ ਨੌਰਮਨ ਬੋਰਲਾਗ ਚੇਅਰ ਨਿਯੁਕਤ ਕੀਤਾ ਗਿਆ ਹੈ| ਇਸ ਭੂਮਿਕਾ ਵਿਚ ਡਾ. ਛੁਨੇਜਾ ਦੀ ਨਿਯੁਕਤੀ ਪੰਜ ਸਾਲ ਲਈ ਹੋਈ ਹੈ| ਇਸ ਦੌਰਾਨ ਉਹ ਕਣਕ ਦੀ ਫਸਲ ਉੱਪਰ ਜੈਵਿਕ ਅਤੇ ਅਜੈਵਿਕ ਤਨਾਵਾਂ ਦਾ ਸਾਹਮਣਾ ਕਰਨ ਲਈ ਜੰਗਲੀ ਕਿਸਮਾਂ ਦੀ ਸਾਰਥਕਤਾ ਬਾਰੇ ਖੋਜ ਪ੍ਰੋਗਰਾਮ ਦੀ ਅਗਵਾਈ ਕਰਨਗੇ|
ਜ਼ਿਕਰਯੋਗ ਹੈ ਕਿ ਇਹ ਵੱਕਾਰੀ ਚੇਅਰ ਹਰੀ ਕ੍ਰਾਂਤੀ ਦੇ ਪਿਤਾਮਾ ਕਹੇ ਜਾਣ ਵਾਲੇ ਨੋਬਲ ਇਨਾਮ ਜੇਤੂ ਨੌਰਮਨ ਈ ਬੋਰਲਾਗ ਦੇ ਸਨਮਾਨ ਵਿਚ ਵਿਗਿਆਨਕ ਕਾਰਜਾਂ ਲਈ ਸਥਾਪਿਤ ਕੀਤੀ ਗਈ ਹੈ|
ਡਾ. ਛੁਨੇਜਾ ਨੇ ਆਪਣੇ ਸਮੁੱਚੇ ਅਧਿਆਪਨ ਸਫਰ ਦੌਰਾਨ ਤਿੰਨ ਦਹਾਕਿਆਂ ਤੋਂ ਕਣਕ ਦੇ ਜੀਨ ਵਿਗਿਆਨ ਸੰਬੰਧੀ ਸ਼ਾਨਦਾਰ ਕਾਰਜ ਨੂੰ ਅੰਜਾਮ ਦਿੱਤਾ| ਉਹਨਾਂ ਦੇ ਕਾਰਜ ਦਾ ਮੁੱਖ ਮਰਕਜ਼ ਕਣਕ ਦੀਆਂ ਜੰਗਲੀ ਕਿਸਮਾਂ ਨੂੰ ਆਧੁਨਿਕ ਜੀਨ ਵਿਗਿਆਨਕ ਵਿਧੀਆਂ ਰਾਹੀਂ ਜੈਵਿਕ-ਅਜੈਵਿਕ ਦਬਾਵਾਂ ਦਾ ਸਾਹਮਣਾ ਕਰਨ ਦੇ ਸਮਰਥ ਕਿਸਮਾਂ ਲਈ ਇਸਤੇਮਾਲ ਕਰਨਾ ਹੈ| ਇਸ ਦੌਰਾਨ ਉਹਨਾਂ ਦੀ ਟੀਮ ਨੇ ਭਿੰਨ-ਭਿੰਨ ਸਰੋਤਾਂ ਤੋਂ ਜੰਗਲੀ ਕਣਕ ਦੀਆਂ ਨਸਲੀ ਕਿਸਮਾਂ ਇਕੱਤਰ ਕਰਕੇ ਮੌਜੂਦਾ ਸਮੇਂ ਦੇ ਅਨੁਕੂਲ ਕਣਕ ਪੈਦਾ ਕਰਨ ਲਈ ਵਰਤੋਂ ਵਿਚ ਲਿਆਂਦਾ| ਇਸ ਵਿਧੀ ਨਾਲ ਕਣਕ ਦੀਆਂ 11 ਕਿਸਮਾਂ ਦਾ ਵਿਕਾਸ ਸੰਭਵ ਹੋਇਆ| ਇਸ ਤੋਂ ਬਿਨਾਂ ਉਹਨਾਂ ਦੇ ਅਕਾਦਮਿਕ ਕਾਰਜ ਵਿਚ 177 ਖੋਜ ਪੱਤਰ ਵੀ ਸ਼ਾਮਿਲ ਹਨ| 20 ਖੋਜ ਪ੍ਰੋਜੈਕਟਾਂ ਦਾ ਹਿੱਸਾ ਰਹਿਣ ਵਾਲੇ ਡਾ. ਪ੍ਰਵੀਨ ਛੁਨੇਜਾ ਨੇ ਅੰਤਰਰਾਸ਼ਟਰੀ ਸੰਸਥਾਵਾਂ ਨਾਲ ਸਾਂਝ ਵਿਚ ਬਹੁਤ ਸਾਰਾ ਕਾਰਜ ਕੀਤਾ| ਬਹੁਤ ਸਾਰੇ ਨੌਜਵਾਨ ਵਿਗਿਆਨੀਆਂ ਦੀ ਪੋਸਟ ਗ੍ਰੈਜੁਏਟ ਪੱਧਰ ਤੇ ਅਗਵਾਈ ਵੀ ਉਹਨਾਂ ਨੇ ਕੀਤੀ| ਦੇਸ਼ ਦੀਆਂ ਵੱਕਾਰੀ ਵਿਗਿਆਨਕ ਏਜੰਸੀਆਂ ਆਈ ਐੱਨ ਐੱਨ ਐੱਸ ਏ, ਨਾਸ ਅਤੇ ਐੱਨ ਏ ਐੱਸ ਆਈ ਨੇ ਉਹਨਾਂ ਨੂੰ ਸਨਮਾਨਿਤ ਕੀਤਾ| ਨਾਲ ਹੀ ਜੇਨੀ ਬੋਰਲਾਗ ਔਰਤ ਵਿਗਿਆਨੀ ਐਵਾਰਡ, ਆਈ ਸੀ ਏ ਆਰ ਪੰਜਾਬ ਰਾਓ ਦੇਸ਼ਮੁਖ ਵਿਸ਼ੇਸ਼ ਔਰਤ ਵਿਗਿਆਨੀ ਡਾ. ਜੀ ਐੱਸ ਖੁਸ਼ ਪ੍ਰੋਫੈਸਰ ਐਵਾਰਡ ਅਤੇ ਡਾ. ਦਰਸ਼ਨ ਬਰਾੜ ਐਵਾਰਡ ਸ਼ਾਮਿਲ ਹਨ|
ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ, ਨਿਰਦੇਸ਼ਕ ਖੋਜ ਡਾ. ਅਜਮੇਰ ਸਿੰਘ ਢੱਟ, ਡੀਨ ਪੋਸਟ ਗ੍ਰੈਜੂਏਟ ਸਟੱਡੀਜ਼ ਡਾ. ਐੱਮ ਆਈ ਐੱਸ ਗਿੱਲ ਅਤੇ ਰਜਿਸਟਰਾਰ ਡਾ. ਰਿਸ਼ੀਪਾਲ ਸਿੰਘ ਨੇ ਇਸ ਪ੍ਰਾਪਤੀ ਲਈ ਡਾ. ਪ੍ਰਵੀਨ ਛੁਨੇਜਾ ਨੂੰ ਵਧਾਈ ਦਿੱਤੀ|
