ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਦੇ ਡਾਇਰੈਕਟੋਰੇਟ ਪਸਾਰ ਸਿੱਖਿਆ ਵੱਲੋਂ ਰਾਜ ਭਰ ਦੇ ਕਿਸਾਨਾਂ ਤੋਂ ਮਾਰਚ 2026 ਵਿੱਚ ਦਿੱਤੇ ਜਾਣ ਵਾਲੇ ਐਵਾਰਡਾਂ ਲਈ ਬਿਨੈ-ਪੱਤਰਾਂ ਦੀ ਮੰਗ ਕੀਤੀ ਹੈ | ਇਹ ਐਵਾਰਡ ਮਾਰਚ 2026 ਦੇ ਪੀ.ਏ.ਯੂ. ਕਿਸਾਨ ਮੇਲੇ ਦੌਰਾਨ ਕਿਸਾਨਾਂ ਅਤੇ ਕਿਸਾਨ ਬੀਬੀਆਂ ਨੂੰ ਦਿੱਤੇ ਜਾਣਗੇ |
ਇਸ ਸੰਬੰਧੀ ਜਾਣਕਾਰੀ ਦਿੰਦਿਆਂ ਨਿਰਦੇਸ਼ਕ ਪਸਾਰ ਸਿੱਖਿਆ ਡਾ. ਮੱਖਣ ਸਿੰਘ ਭੁੱਲਰ ਨੇ ਦੱਸਿਆ ਕਿ ਇਹਨਾਂ ਵਿਚ ਮੁੱਖ ਮੰਤਰੀ ਖੇਤੀ ਐਵਾਰਡ ਪ੍ਰਮੁੱਖ ਹੈ | ਇਸ ਐਵਾਰਡ ਵਿੱਚ 25,000 ਰੁਪਏ ਅਤੇ ਪ੍ਰਸ਼ੰਸਾ ਪੱਤਰ ਪੰਜਾਬ ਦੇ ਉਸ ਕਿਸਾਨ ਨੂੰ ਦਿੱਤਾ ਜਾਵੇਗਾ ਜੋ ਮੁੱਖ ਫ਼ਸਲਾਂ ਦਾ ਸਵੈ-ਕਾਸ਼ਤਕਾਰ ਹੋਵੇਗਾ| ਦੂਜਾ ਇਨਾਮ ਮੁੱਖ ਮੰਤਰੀ ਬਾਗਬਾਨੀ ਐਵਾਰਡ ਦੇ ਨਾਂ ਹੇਠ ਬਾਗਬਾਨੀ ਦੇ ਖੇਤਰ ਵਿੱਚ ਵਿਸ਼ੇਸ਼ ਪ੍ਰਾਪਤੀਆਂ ਕਰਨ ਵਾਲੇ ਉੱਦਮੀ ਕਿਸਾਨ ਨੂੰ ਦਿੱਤਾ ਜਾਵੇਗਾ | ਇਸ ਵਿੱਚ ਵੀ 25000 ਰੁਪਏ ਦੀ ਰਾਸ਼ੀ ਅਤੇ ਪ੍ਰਸ਼ੰਸਾ ਪੱਤਰ ਸ਼ਾਮਲ ਹੈ | ਸੀ ਆਰ ਆਈ ਪੰਪਸ ਵੱਲੋਂ ਤਿੰਨ ਹੋਰ ਇਨਾਮ ਦਿੱਤੇ ਜਾਣਗੇ ਜਿਨ੍ਹਾਂ ਵਿੱਚੋਂ ਇੱਕ ਇਨਾਮ ਵਿਕਸਿਤ ਪਾਣੀ ਬਚਾਊ ਤਕਨੀਕਾਂ ਅਪਨਾਉਣ ਵਾਲੇ ਕਿਸਾਨ ਲਈ ਹੈ | ਇਸ ਵਿੱਚ 10,000 ਰੁਪਏ ਦੀ ਰਾਸ਼ੀ ਅਤੇ ਪ੍ਰਸ਼ੰਸਾ ਪੱਤਰ ਸ਼ਾਮਲ ਹੋਵੇਗਾ | ਇਸੇ ਕੜੀ ਵਿੱਚ ਅਗਲਾ ਇਨਾਮ ਵਿਕਸਿਤ ਖੇਤ ਮਸ਼ੀਨਰੀ ਅਪਨਾਉਣ ਵਾਲੇ ਕਿਸਾਨ ਲਈ ਅਤੇ ਜੈਵਿਕ ਖੇਤੀ ਨਾਲ ਜੁੜੇ ਕਿਸਾਨ ਲਈ ਹੈ | ਇਨ੍ਹਾਂ ਇਨਾਮਾਂ ਵਿੱਚ ਵੀ ਪ੍ਰਸ਼ੰਸ਼ਾ ਪੱਤਰ ਤੋਂ ਬਿਨਾਂ 10-10 ਹਜ਼ਾਰ ਰੁਪਏ ਦੀ ਰਾਸ਼ੀ ਦਿੱਤੀ ਜਾਵੇਗੀ | ਇਸ ਵਿੱਚ ਛੇਵਾਂ ਸਰਦਾਰਨੀ ਪ੍ਰਕਾਸ਼ ਕੌਰ ਸਰਾ ਯਾਦਗਾਰੀ ਐਵਾਰਡ ਖੇਤੀ, ਬਾਗਬਾਨੀ, ਫੁੱਲਾਂ ਦੀ ਖੇਤੀ ਅਤੇ ਸਹਾਇਕ ਧੰਦਿਆਂ ਵਿੱਚ ਮੋਹਰੀ ਉੱਦਮੀ ਕਿਸਾਨ/ਕਿਸਾਨ ਬੀਬੀ ਨੂੰ ਦਿੱਤਾ ਜਾਵੇਗਾ ਇਸ ਵਿੱਚ ਪ੍ਰਸ਼ੰਸ਼ਾ ਪੱਤਰ ਦੇ ਨਾਲ 5000 ਰੁਪਏ ਦਾ ਨਕਦ ਇਨਾਮ ਸ਼ਾਮਲ ਹੋਵੇਗਾ |
ਡਾ. ਭੁੱਲਰ ਨੇ ਦੱਸਿਆ ਕਿ ਖੇਤਰੀ ਖੋਜ ਕੇਂਦਰ ਬਠਿੰਡਾ ਦੇ ਕਿਸਾਨ ਮੇਲੇ ਤੇ ਜਥੇਦਾਰ ਗੁਰਦਿੱਤਾ ਸਿੰਘ ਮਾਹਲ ਪੁਰਸਕਾਰ ਪ੍ਰਦਾਨ ਕੀਤਾ ਜਾਵੇਗਾ| ਇਸ ਵਿਚ 10,000 ਰੁਪਏ ਨਕਦ ਅਤੇ ਪ੍ਰਸ਼ੰਸ਼ਾ ਪੱਤਰ ਉਸ ਕਿਸਾਨ ਜਾਂ ਕਿਸਾਨ ਬੀਬੀ ਨੂੰ ਦਿੱਤਾ ਜਾਵੇਗਾ, ਜਿਸਨੇ ਆਪਣੀ ਜ਼ਮੀਨ ਦੇ ਘੱਟੋ-ਘੱਟ 70 ਪ੍ਰਤੀਸ਼ਤ ਰਕਬੇ ਉੱਪਰ ਬਾਗਬਾਨੀ ਫਸਲਾਂ ਦੀ ਕਾਸ਼ਤ ਦੀ ਪਹਿਲਕਦਮੀ ਕੀਤੀ ਹੋਵੇ|
ਇਸ ਮੌਕੇ ਵਧੀਕ ਨਿਰਦੇਸ਼ਕ ਪਸਾਰ ਸਿੱਖਿਆ ਡਾ. ਤਰਸੇਮ ਸਿੰਘ ਢਿੱਲੋਂ ਨੇ ਕਿਹਾ ਮਾਰਚ 2026 ਵਿੱਚ ਦਿੱਤੇ ਜਾਣ ਵਾਲੇ ਇਹਨਾਂ ਇਨਾਮਾਂ ਲਈ ਜਿਹੜੇ ਕਿਸਾਨ ਫਾਰਮ ਭਰਨਾ ਚਾਹੁੰਦੇ ਹਨ ਉਹ ਪੀ.ਏ.ਯੂ. ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਸਥਿਤ ਕ੍ਰਿਸ਼ੀ ਵਿਗਿਆਨ ਕੇਂਦਰਾਂ ਦੇ ਡਿਪਟੀ ਡਾਇਰੈਕਟਰ, ਖੇਤਰੀ ਖੋਜ ਸਟੇਸ਼ਨ ਦੇ ਨਿਰਦੇਸ਼ਕ, ਜ਼ਿਲ੍ਹਾ ਪਸਾਰ ਮਾਹਿਰ, ਮੁੱਖ ਖੇਤੀਬਾੜੀ ਅਫ਼ਸਰ, ਬਾਗਬਾਨੀ ਦੇ ਡਿਪਟੀ ਡਾਇਰੈਕਟਰ ਅਤੇ ਪੀ.ਏ.ਯੂ. ਦੇ ਪਸਾਰ ਸਿੱਖਿਆ ਡਾਇਰੈਕਟੋਰੇਟ ਤੋਂ ਇਹ ਫਾਰਮ ਹਾਸਲ ਕਰ ਸਕਦੇ ਹਨ | ਇਹਨਾਂ ਫਾਰਮਾਂ ਨੂੰ ਨਿਰਦੇਸ਼ਕ ਪਸਾਰ ਸਿੱਖਿਆ ਪੀ.ਏ.ਯੂ. ਦੇ ਦਫ਼ਤਰ ਪਹੁੰਚਾਉਣ ਦੀ ਆਖਰੀ ਮਿਤੀ 31 ਦਸੰਬਰ 2025 ਹੈ | ਜੇ ਕੋਈ ਕਿਸਾਨ ਇੱਕ ਤੋਂ ਵੱਧ ਐਵਾਰਡ ਲਈ ਅਰਜ਼ੀ ਦੇਣਾ ਚਾਹੁੰਦਾ ਹੈ ਤਾਂ ਉਸ ਲਈ ਵੱਖਰਾ ਫਾਰਮ ਭਰਨਾ ਜ਼ਰੂਰੀ ਹੈ|
