ਪੀ.ਏ.ਯੂ. ਦੇ ਖੇਤੀ ਬਾਇਓਤਕਨਾਲੋਜੀ ਸਕੂਲ ਵਿਚ ਮੌਲੀਕਿਊਲਰ ਜੈਨੇਟੇਸਿਸਟ ਵਜੋਂ ਕੰਮ ਕਰ ਰਹੇ ਡਾ. ਨਿਤਿਕਾ ਸੰਧੂ ਨੂੰ ਪ੍ਰੋਫੈਸਰ ਸੁਸ਼ੀਲ ਕੁਮਾਰ ਖੋਜ ਐਵਾਰਡ ਨਾਲ ਨਿਵਾਜ਼ਿਆ ਜਾਵੇਗਾ| ਇਹ ਐਵਾਰਡ ਉਹਨਾਂ ਨੂੰ ਫਲੋਰਾਫਾਉਨਾ ਵਿਗਿਆਨ ਫਾਊਂਡੇਸ਼ਨ ਵੱਲੋਂ ਉਹਨਾਂ ਵੱਲੋਂ ਝੋਨੇ ਦੇ ਖੇਤਰ ਵਿਚ ਕੀਤੇ ਜੈਨੇਟਿਕਸ ਅਤੇ ਮੌਲੀਕਿਊਲਰ ਕਾਰਜ ਲਈ ਦਿੱਤਾ ਜਾ ਰਿਹਾ ਹੈ| ਆਉਂਦੇ ਦਿਨੀਂ ਲਖਨਊ ਵਿਖੇ ਸੀ ਐੱਸ ਆਈ ਆਰ ਰਾਸ਼ਟਰੀ ਬੋਟੈਨੀਕਲ ਖੋਜ ਸੰਸਥਾਨ ਵਿਖੇ ਇਕ ਵਿਸ਼ੇਸ਼ ਸਮਾਰੋਹ ਦੌਰਾਨ ਇਹ ਐਵਾਰਡ ਡਾ. ਨਿਤਿਕਾ ਸੰਧੂ ਨੂੰ ਪ੍ਰਦਾਨ ਕੀਤਾ ਜਾਵੇਗਾ| ਜ਼ਿਕਰਯੋਗ ਹੈ ਕਿ ਡਾ. ਨਿਤਿਕਾ ਸੰਧੂ ਨੇ ਝੋਨੇ ਦੀ ਬਰੀਡਿੰਗ ਲਈ ਨਵੀਨਤਮ ਮੌਲੀਕਊਲਰ ਵਿਧੀਆਂ ਅਤੇ ਸਿੱਧੀ ਬਿਜਾਈ ਰਾਹੀਂ ਬੀਜੇ ਜਾਣ ਵਾਲੇ ਝੋਨੇ ਦੀਆਂ ਕਿਸਮਾਂ ਲਈ ਬੇਹੱਦ ਅਹਿਮ ਕਾਰਜ ਕੀਤਾ ਹੈ ਜਿਸ ਨਾਲ ਵਿਗਿਆਨ ਪੱਖੀ ਅਤੇ ਕੁਦਰਤੀ ਸਰੋਤਾਂ ਦੀ ਸੰਭਾਲ ਪੱਖੋਂ ਬੇਹੱਦ ਮਹੱਤਵਪੂਰਨ ਕਿਸਮਾਂ ਪੈਦਾ ਹੋਣ ਦੇ ਅਸਾਰ ਬਣੇ ਹਨ|
ਇਹ ਵੀ ਜ਼ਿਕਰਯੋਗ ਹੈ ਕਿ ਡਾ. ਨੀਤਿਕਾ ਸੰਧੂ ਨੂੰ ਇਸ ਤੋਂ ਪਹਿਲਾਂ ਆਈ ਐੱਨ ਐੱਸ ਏ ਯੁਵਾ ਐਸੋਸੀਏਟ ਐਵਾਰਡ 2025 ਨਾਸ, ਐਸੋਸੀਏਟ 2025, ਐੱਸ ਈ ਆਰ ਬੀ ਵਿਮੈਨ ਐਕਸੀਲੈਂਸ ਐਵਾਰਡ 2022, ਐੱਨ ਏ ਐੱਸ ਆਈ ਯੁਵਾ ਵਿਗਿਆਨੀ ਐਵਾਰਡ 2020 ਅਤੇ ਔਰਤ ਵਿਗਿਆਨੀ ਐਵਾਰਡ 2019 ਤੋਂ ਇਲਾਵਾ ਹੋਰ ਬਹੁਤ ਸਾਰੇ ਸਨਮਾਨ ਹਾਸਲ ਹੋਏ|
ਪ੍ਰੋਫੈਸਰ ਸੁਸ਼ੀਲ ਕੁਮਾਰ ਖੋਜ ਐਵਾਰਡ 40 ਸਾਲ ਤੋਂ ਘੱਟ ਉਮਰ ਦੇ ਖੇਤੀ ਵਿਗਿਆਨੀਆਂ ਨੂੰ ਦਿੱਤਾ ਜਾਣ ਵਾਲਾ ਬੇਹੱਦ ਅਹਿਮ ਐਵਾਰਡ ਹੈ| ਇਸਦਾ ਉਦੇਸ਼ ਖੇਤੀ ਵਿਗਿਆਨ ਦੇ ਖੇਤਰ ਵਿਚ ਕੰਮ ਕਰ ਰਹੇ ਨੌਜਵਾਨ ਵਿਗਿਆਨੀਆਂ ਨੂੰ ਉਤਸ਼ਾਹਿਤ ਕਰਨਾ ਹੈ|
ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ, ਨਿਰਦੇਸ਼ਕ ਖੋਜ ਡਾ. ਅਜਮੇਰ ਸਿੰਘ ਢੱਟ, ਖੇਤੀ ਬਾਇਓਤਕਨਾਲੋਜੀ ਸਕੂਲ ਦੇ ਨਿਰਦੇਸ਼ਕ ਡਾ. ਯੋਗੇਸ਼ ਮਿੱਤਲ ਅਤੇ ਗੁਰਦੇਵ ਸਿੰਘ ਖੁਸ਼ ਸੰਸਥਾਨ ਦੇ ਨਿਰਦੇਸ਼ਕ ਡਾ. ਪ੍ਰਵੀਨ ਛੁਨੇਜਾ ਨੇ ਡਾ. ਨੀਤਿਕਾ ਸੰਧੂ ਨੂੰ ਇਸ ਪ੍ਰਾਪਤੀ ਲਈ ਵਧਾਈ ਦਿੱਤੀ|
