Menu

ਪੰਜਾਬ ਖੇਤੀਬਾੜੀ ਯੂਨੀਵਰਸਿਟੀ
PUNJAB AGRICULTURAL UNIVERSITY

Menu

ਪੀ.ਏ.ਯੂ. ਦੇ ਵਿਗਿਆਨੀ ਨੂੰ ਸਰਵੋਤਮ ਪੇਪਰ ਪੁਰਸਕਾਰ ਹਾਸਲ ਹੋਇਆ

ਪੀ.ਏ.ਯੂ. ਦੇ ਕ੍ਰਿਸ਼ੀ ਵਿਗਿਆਨ ਕੇਂਦਰ ਜਲੰਧਰ ਵਿਖੇ ਫਸਲ ਵਿਗਿਆਨ ਦੇ ਸਹਾਇਕ ਪ੍ਰੋਫੈਸਰ ਵਜੋਂ ਕਾਰਜ ਕਰ ਰਹੇ ਡਾ. ਪ੍ਰਭਜੀਤ ਕੌਰ ਨੂੰ ਫਸਲ ਵਿਗਿਆਨ ਦੀ ਭਾਰਤੀ ਸੁਸਾਇਟੀ ਵੱਲੋਂ ਆਈ ਐੱਸ ਏ ਸਰਵੋਤਮ ਪੇਪਰ ਪੁਰਸਕਾਰ ਨਾਲ ਨਿਵਾਜ਼ਿਆ ਗਿਆ ਹੈ| ਇਹ ਪੁਰਸਕਾਰ ਉਹਨਾਂ ਨੂੰ ਕਣਕ-ਝੋਨੇ ਦੇ ਫਸਲੀ ਚੱਕਰ ਉੱਪਰ ਨਾਈਟ੍ਰੋਜਨ ਦੇ ਵੱਖ-ਵੱਖ ਪੱਧਰਾਂ ਦੇ ਆਰਥਿਕ ਅਤੇ ਹੋਰ ਪ੍ਰਭਾਵਾਂ ਦੇ ਵਿਸ਼ਲੇਸ਼ਣ ਤੇ ਅਧਾਰਿਤ ਪੇਪਰ ਲਈ ਪ੍ਰਦਾਨ ਕੀਤਾ ਗਿਆ| ਇਸ ਪੇਪਰ ਦੇ ਸਹਾਇਕ ਲੇਖਕ ਡਾ. ਕੇ ਐੱਸ ਸੈਣੀ, ਕਿਰਨਦੀਪ ਕੌਰ, ਠਾਕਰ ਸਿੰਘ ਅਤੇ ਡਾ. ਸੋਹਨ ਸਿੰਘ ਵਾਲੀਆ ਸਨ|
ਬੀਤੇ ਦਿਨੀਂ ਨਵੀਂ ਦਿੱਲੀ ਵਿਖੇ ਹੋਈ ਛੇਵੀਂ ਅੰਤਰਰਾਸ਼ਟਰੀ ਫਸਲ ਵਿਗਿਆਨ ਕਾਂਗਰਸ ਵਿਚ ਡਾ. ਪ੍ਰਭਜੀਤ ਕੌਰ ਨੂੰ ਇਹ ਪੁਰਸਕਾਰ ਦਿੱਤਾ ਗਿਆ| ਉਹਨਾਂ ਨੇ ਆਪਣੀ ਪੀ ਐੱਚ ਡੀ ਦੀ ਖੋਜ ਉੱਘੇ ਫਸਲ ਵਿਗਿਆਨੀ ਡਾ. ਕੇ ਐੱਸ ਸੈਣੀ ਦੀ ਨਿਗਰਾਨੀ ਹੇਠ ਕੀਤੀ| ਉਹਨਾਂ ਦੀ ਖੋਜ ਦਾ ਉਦੇਸ਼ ਫਸਲ ਵਿਗਿਆਨਕ ਤਰੀਕਿਆਂ ਨੂੰ ਸੁਧਾਰ ਕੇ ਝੋਨੇ ਦੇ ਝਾੜ ਨੂੰ ਵਧਾਉਣ ਅਤੇ ਕਣਕ-ਝੋਨੇ ਦੇ ਫਸਲੀ ਚੱਕਰ ਉੱਪਰ ਇਸਦੇ ਪ੍ਰਭਾਵ ਦੀ ਖੋਜ ਕਰਨ ਵੱਲ ਸੀ|
ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ, ਨਿਰਦੇਸ਼ਕ ਖੋਜ ਡਾ. ਅਜਮੇਰ ਸਿੰਘ ਢੱਟ, ਨਿਰਦੇਸ਼ਕ ਪਸਾਰ ਸਿੱਖਿਆ ਡਾ. ਮੱਖਣ ਸਿੰਘ ਭੁੱਲਰ, ਡੀਨ ਪੋਸਟ ਗ੍ਰੈਜੂਏਟ ਸਟੱਡੀਜ਼ ਡਾ. ਮਾਨਵਇੰਦਰਾ ਸਿੰਘ ਗਿੱਲ, ਖੇਤੀਬਾੜੀ ਕਾਲਜ ਦੇ ਡੀਨ ਡਾ. ਚਰਨਜੀਤ ਸਿੰਘ ਔਲਖ ਅਤੇ ਫਸਲ ਵਿਗਿਆਨ ਵਿਭਾਗ ਦੇ ਮੁਖੀ ਡਾ. ਹਰੀ ਰਾਮ ਨੇ ਡਾ. ਪ੍ਰਭਜੀਤ ਕੌਰ ਨੂੰ ਇਸ ਪ੍ਰਾਪਤੀ ਲਈ ਵਧਾਈ ਦਿੱਤੀ|