ਪੀ.ਏ.ਯੂ. ਦੇ ਸਾਬਕਾ ਵਿਦਿਆਰਥੀ ਅਤੇ ਅਮਰੀਕਾ ਦੀ ਜਾਰਜੀਆ ਯੂਨੀਵਰਸਿਟੀ ਦੇ ਪ੍ਰੋਫੈਸਰ ਐਮੀਰਟਸ ਡਾ. ਮਨਜੀਤ ਸਿੰਘ ਛੀਨਨ ਅਤੇ ਉਹਨਾਂ ਦੀ ਸੁਪਤਨੀ ਡਾ. ਲਤਾ ਮਹਾਜਨ ਛੀਨਨ ਨੇ ਬੀਤੇ ਦਿਨੀਂ ਪੀ.ਏ.ਯੂ. ਦੇ ਖੇਤੀ ਇੰਜਨੀਅਰਿੰਗ ਕਾਲਜ ਦਾ ਦੌਰਾ ਕੀਤਾ| ਡਾ. ਲਤਾ ਮਹਾਜਨ ਛੀਨਨ ਕੌਮਾਂਤਰੀ ਪੱਧਰ ਤੇ ਭਾਰਤ ਦੀ ਪ੍ਰਤੀਨਿਧਤਾ ਕਰਨ ਵਾਲੇ ਪੀ.ਏ.ਯੂ. ਦੇ ਹਾਕੀ ਖਿਡਾਰੀ ਵੀ ਰਹੇ ਹਨ| ਇਸ ਦੌਰੇ ਦੌਰਾਨ ਛੀਨਨ ਦੰਪਤੀ ਨੇ ਕਾਲਜ ਦੇ ਵਿਗਿਆਨੀਆਂ, ਅਮਲੇ ਅਤੇ ਵਿਦਿਆਰਥੀਆਂ ਨਾਲ ਮੁਲਾਕਾਤ ਕੀਤੀ| ਛੀਨਨ ਜੋੜੇ ਨੇ ਇਸ ਦੌਰਾਨ ਬਾਇਓਕਮਿਸਟਰੀ ਵਿਭਾਗ ਦਾ ਦੌਰਾ ਵੀ ਕੀਤਾ ਜਿੱਥੋਂ ਡਾ. ਲਤਾ ਮਹਾਜਨ ਛੀਨਨ ਆਪਣੀ ਪੜਾਈ ਕਰਦੇ ਰਹੇ ਹਨ| ਉਹਨਾਂ ਨੇ ਆਪਣੀਆਂ ਯਾਦਾਂ ਤਾਜ਼ੀਆਂ ਕਰਨ ਦੇ ਨਾਲ-ਨਾਲ ਮੌਜੂਦਾ ਵਿਦਿਆਰਥੀਆਂ ਨਾਲ ਆਪਣੇ ਤਜਰਬੇ ਸਾਂਝੇ ਕੀਤੇ| ਵਿਭਾਗ ਨੇ ਛੀਨਨ ਜੋੜੇ ਨੂੰ ਉਹਨਾਂ ਦੀਆਂ ਪ੍ਰਾਪਤੀਆਂ ਬਦਲੇ ਸਨਮਾਨ ਚਿੰਨ ਦੇ ਕੇ ਨਿਵਾਜਿਆ|
ਡਾ. ਲਤਾ ਮਹਾਜਨ ਛੀਨਨ ਨੇ ਪੀ.ਏ.ਯੂ. ਦੇ ਖਿਡਾਰੀਆਂ ਨੂੰ ਮਿਲ ਕੇ ਉਹਨਾਂ ਨੂੰ ਲਗਾਤਾਰ ਮਿਹਨਤ ਕਰਨ ਦੀ ਹੌਂਸਲਾ ਅਫਜ਼ਾਈ ਦਿੱਤੀ|
ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਛੀਨਨ ਦੰਪਤੀ ਵੱਲੋਂ ਯੂਨੀਵਰਸਿਟੀ ਦੇ ਵਿਦਿਆਰਥੀਆਂ ਦੀ ਮਾਲੀ ਇਮਦਾਦ ਲਈ ਦਿੱਤੇ ਜਾਣ ਵਾਲੇ ਫੰਡਾਂ ਬਦਲੇ ਧੰਨਵਾਦ ਦੇ ਸ਼ਬਦ ਕਹੇ| ਉਹਨਾਂ ਕਿਹਾ ਕਿ ਛੀਨਨ ਪਰਿਵਾਰ ਵੱਲੋਂ ਆਪਣੀ ਸੰਸਥਾ ਨੂੰ ਯਾਦ ਰੱਖਣਾ ਅਤੇ ਉਸ ਨਾਲ ਲਗਾਤਾਰ ਜੁੜੇ ਰਹਿਣਾ ਪੀ.ਏ.ਯੂ. ਲਈ ਮਾਣ ਵਾਲੀ ਗੱਲ ਹੈ| ਇਸ ਨਾਲ ਪੀ.ਏ.ਯੂ. ਦੇ ਵਿਦਿਆਰਥੀਆਂ ਅਤੇ ਖਿਡਾਰੀਆਂ ਨੂੰ ਹੌਂਸਲਾ ਅਤੇ ਸਹਿਯੋਗ ਮਿਲਦਾ ਹੈ| ਇਸ ਦੌਰੇ ਦਾ ਸੰਚਾਲਨ ਸੰਸਥਾਈ ਸੰਬੰਧਾਂ ਦੇ ਸਹਿਯੋਗੀ ਨਿਰਦੇਸ਼ਕ ਡਾ. ਵਿਸ਼ਾਲ ਬੈਕਟਰ ਨੇ ਕੀਤਾ|
ਡਾ. ਮਨਜੀਤ ਸਿੰਘ ਛੀਨਨ ਅਤੇ ਡਾ. ਲਤਾ ਮਹਾਜਨ ਛੀਨਨ ਨੇ ਯੂਨੀਵਰਸਿਟੀ ਵੱਲੋਂ ਦਿਖਾਏ ਸਤਿਕਾਰ ਅਤੇ ਸਨੇਹ ਲਈ ਧੰਨਵਾਦ ਕੀਤਾ| ਉਹਨਾਂ ਕਿਹਾ ਕਿ ਉਹ ਜਿੱਥੇ ਵੀ ਗਏ ਉਹਨਾਂ ਦੀ ਪਛਾਣ ਵਿਚ ਪੀ.ਏ.ਯੂ. ਦਾ ਸਹਿਯੋਗ ਹਮੇਸ਼ਾ ਬਣਿਆ ਰਿਹਾ| ਮੌਜੂਦਾ ਵਿਦਿਆਰਥੀਆਂ ਅਤੇ ਨੌਜਵਾਨ ਅਧਿਆਪਕਾਂ ਨੇ ਛੀਨਨ ਦੰਪਤੀ ਕੋਲੋਂ ਸਫਲਤਾ ਅਤੇ ਸਮਰਪਣ ਦੇ ਗੁਣ ਹਾਸਲ ਕੀਤੇ|
