ਪੀ.ਏ.ਯੂ. ਦੇ ਸਾਬਕਾ ਵਿਦਿਆਰਥੀ ਅਤੇ ਮੈਕਸੀਕੋ ਰਾਜ ਯੂਨੀਵਰਸਿਟੀ ਦੇ ਪੌਦਾ ਅਤੇ ਵਾਤਾਵਰਨ ਵਿਗਿਆਨ ਵਿਭਾਗ ਦੇ ਮਾਹਿਰ ਡਾ. ਕੁਲਭੂਸ਼ਣ ਗਰੋਵਰ ਨੇ ਪੀ.ਏ.ਯੂ. ਦੇ ਵੱਖ-ਵੱਖ ਵਿਭਾਗਾਂ ਦਾ ਦੌਰਾ ਕਰਕੇ ਮਾਹਿਰਾਂ ਨਾਲ ਵਿਚਾਰ-ਚਰਚਾ ਕੀਤੀ| ਇਸ ਦੌਰਾਨ ਉਹਨਾਂ ਨੇ ਡਾਇਰੈਕਟੋਰੇਟ ਪਸਾਰ ਸਿੱਖਿਆ, ਨਿਰਦੇਸ਼ਕ ਖੋਜ, ਸੰਚਾਰ ਕੇਂਦਰ ਅਤੇ ਫਸਲ ਵਿਗਿਆਨ ਵਿਭਾਗ ਦਾ ਦੌਰਾ ਕੀਤਾ| ਡਾ. ਗਰੋਵਰ ਨੇ ਖੇਤੀ ਖੇਤਰ ਦੀਆਂ ਸਮੱਸਿਆਵਾਂ ਵਿਚਾਰਨ ਦੇ ਨਾਲ-ਨਾਲ ਸਾਂਝ ਅਤੇ ਸਹਿਯੋਗ ਦੇ ਖਿੱਤਿਆ ਬਾਰੇ ਸੰਭਾਵਨਾਵਾਂ ਉੱਪਰ ਗੱਲ ਕੀਤੀ|
ਅਪਰ ਨਿਰਦੇਸ਼ਕ ਸੰਚਾਰ ਡਾ. ਤਰਸੇਮ ਸਿੰਘ ਢਿੱਲੋਂ ਨੇ ਇਸ ਮੌਕੇ ਗੱਲਬਾਤ ਕਰਦਿਆਂ ਉਹਨਾਂ ਨੂੰ ਪੀ.ਏ.ਯੂ. ਦੇ ਪਸਾਰ ਢਾਂਚੇ ਅਤੇ ਸੰਚਾਰ ਕੇਂਦਰ ਦੀ ਕਾਰਜ ਪ੍ਰਣਾਲੀ ਦੀ ਜਾਣਕਾਰੀ ਦਿੱਤੀ| ਡਾ. ਢਿੱਲੋਂ ਨੇ ਦੱਸਿਆ ਕਿ ਪੀ.ਏ.ਯੂ. ਦੇ ਖੋਜ ਮਾਹਿਰਾਂ ਵੱਲੋਂ ਵਿਕਸਿਤ ਕੀਤੀਆਂ ਕਿਸਮਾਂ ਅਤੇ ਖੇਤੀ ਤਕਨੀਕਾਂ ਨੂੰ ਕਿਸਾਨਾਂ ਤੱਕ ਰੂਪਾਂਤਰਿਤ ਕਰਨ ਲਈ ਯੂਨੀਵਰਸਿਟੀ ਪ੍ਰਿੰਟ, ਬਿਜਲਈ ਅਤੇ ਸ਼ੋਸ਼ਲ਼ ਮੀਡੀਆ ਦੀ ਵਰਤੋਂ ਕਰਦੀ ਹੈ| ਇਸ ਦੌਰਾਨ ਡਾ. ਢਿੱਲੋਂ ਨੇ ਕੁਦਰਤੀ ਸਰੋਤਾਂ ਦੀ ਸੰਭਾਲ ਲਈ ਯੂਨੀਵਰਸਿਟੀ ਵੱਲੋਂ ਚਲਾਈਆਂ ਜਾਣ ਵਾਲੀਆਂ ਮੁਹਿੰਮਾਂ ਦਾ ਜ਼ਿਕਰ ਕੀਤਾ|
ਫਸਲ ਵਿਗਿਆਨ ਵਿਭਾਗ ਦੇ ਮੁਖੀ ਡਾ. ਹਰੀ ਰਾਮ ਨੇ ਪੀ.ਏ.ਯੂ. ਦੀਆਂ ਫ਼ਸਲ ਵਿਗਿਆਨਕ ਪ੍ਰਾਪਤੀਆਂ ਉੱਪਰ ਚਾਨਣਾ ਪਾਉਂਦਿਆਂ ਖੇਤ ਵਿਚ ਅਤੇ ਖੇਤ ਤੋਂ ਬਾਹਰ ਆਉਣ ਵਾਲੀਆਂ ਸਮੱਸਿਆਵਾਂ ਦਾ ਜ਼ਿਕਰ ਕੀਤਾ|
ਮਹਿਮਾਨ ਮਾਹਿਰ ਡਾ. ਕੁਲਭੂਸ਼ਣ ਗਰੋਵਰ ਨੇ ਬੀਤੇ ਦਿਨੀਂ ਖੋਜ ਅਤੇ ਪਸਾਰ ਮਾਹਿਰਾਂ ਦੀ ਮੀਟਿੰਗ ਦੌਰਾਨ ਹੋਏ ਤਜਰਬੇ ਸਾਂਝੇ ਕੀਤੇ| ਉਹਨਾਂ ਨੇ ਮੈਕਸੀਕੋ ਦੀਆਂ ਫਸਲਾਂ ਅਤੇ ਖੇਤੀ ਹਾਲਾਤ ਬਾਰੇ ਗੱਲ ਕਰਦਿਆਂ ਪੰਜਾਬ ਨਾਲ ਸਾਂਝ ਅਤੇ ਭਿੰਨਤਾ ਦਾ ਹਵਾਲਾ ਦਿੱਤਾ| ਇਸ ਤੋਂ ਪਹਿਲਾਂ ਮਹਿਮਾਨ ਮਾਹਿਰ ਨੇ ਨਿਰਦੇਸ਼ਕ ਪਸਾਰ ਸਿੱਖਿਆ ਡਾ. ਮੱਖਣ ਸਿੰਘ ਭੁੱਲਰ, ਨਿਰਦੇਸ਼ਕ ਖੋਜ ਡਾ. ਅਜਮੇਰ ਸਿੰਘ ਢੱਟ ਅਤੇ ਕੀਟ ਵਿਗਿਆਨੀ ਡਾ. ਜਸਪਾਲ ਸਿੰਘ ਨਾਲ ਵੀ ਗੱਲਬਾਤ ਕੀਤੀ|
