ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਦੇ ਫਾਰਮ ਸਲਾਹਕਾਰ ਸੇਵਾ ਕੇੰਦਰ, ਰੋਪੜ ਵੱਲੋਂ ਵਿਸ਼ਵ ਭੂਮੀ ਦਿਵਸ 2025 ਪਿੰਡ ਸਰਸਨੰਗਲ ਵਿਖੇ ਮਨਾਇਆ ਗਿਆ ਜਿਸ ਵਿੱਚ ਲੱਗਭਗ 45 ਕਿਸਾਨਾਂ ਨੇ ਭਾਗ ਲਿਆ I
ਇਸ ਮੌਕੇ ਤੇ ਆਪਣੇ ਵਿਚਾਰ ਰੱਖਦਿਆਂ ਡਾ. ਰਮਿੰਦਰ ਘੁੰਮਣ (ਡੀ.ਈ.ਐੱਸ.ਫਸਲ ਵਿਗਿਆਨ) ਨੇ ਕਿਸਾਨਾਂ ਨੂੰ ਮਿੱਟੀ ਦੀ ਮਹੱਤਤਾ ਅਤੇ ਇਸਦੀ ਸਿਹਤ ਨੂੰ ਬਰਕਰਾਰ ਰੱਖਣ ਦੇ ਤਰੀਕਿਆਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ । ਉਹਨਾਂ ਨੇ ਦੱਸਿਆ ਕਿ ਫਸਲਾਂ ਦੀ ਉਤਪਾਦਕਤਾ ਸਿੱਧੇ ਤੌਰ ‘ਤੇ ਮਿੱਟੀ ਦੀ ਉਪਜਾਊ ਸ਼ਕਤੀ ‘ਤੇ ਨਿਰਭਰ ਕਰਦੀ ਹੈ। ਜੇ ਮਿੱਟੀ ਵਿੱਚ ਜ਼ਰੂਰੀ ਪੋਸ਼ਕ ਤੱਤਾਂ ਦੀ ਘਾਟ ਹੋ ਜਾਵੇ ਤਾਂ ਪੈਦਾਵਾਰ ਘੱਟ ਹੋ ਜਾਂਦੀ ਹੈ। ਇਸ ਲਈ ਮਿੱਟੀ ਦੀ ਨਿਯਮਿਤ ਜਾਂਚ ਅਤੇ ਸਹੀ ਖਾਦਾਂ ਦੀ ਵਰਤੋਂ ਬਹੁਤ ਜਰੂਰੀ ਹੈ। ਉਹਨਾਂ ਨੇ ਹਾੜੀ ਦੀਆਂ ਫ਼ਸਲਾਂ ਵਿੱਚ ਲਘੂ ਤੱਤਾਂ ਦੀ ਘਾਟ, ਜੈਵਿਕ ਖਾਦਾਂ ਦੇ ਫਾਇਦੇ ਅਤੇ ਰਸਾਇਣਕ ਖਾਦਾਂ ਦੇ ਸਹੀ ਪ੍ਰਬੰਧ ਬਾਰੇ ਸਲਾਹਾਂ ਦਿੱਤੀਆਂ।
ਡਾ. ਅਵਨੀਤ ਕੌਰ (ਡੀ.ਈ.ਐੱਸ ਫਲ ਵਿਗਿਆਨ) ਨੇ ਬਾਗਾਂ ਵਿੱਚ ਮਿੱਟੀ ਪਰਖ ਦੇ ਢੰਗ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ I ਉਹਨਾਂ ਨੇ ਕਿਸਾਨਾਂ ਨੂੰ ਫਲਦਾਰ ਬੂਟਿਆਂ ਦੀ ਚੋਣ ਮਿੱਟੀ ਪਰਖ ਦੀ ਰਿਪੋਰਟ ਦੇ ਅਨੁਸਾਰ ਕਰਨ ਦੀ ਸਲਾਹ ਦਿੱਤੀ ਕਿਉਂਕਿ ਬਾਗਬਾਨੀ ਇਕ ਲੰਬੇ ਸਮੇਂ ਦਾ ਕੰਮ ਹੈ । ਇਸ ਮੌਕੇ ਤੇ ਸਰਸਨੰਗਲ ਦੇ ਸਰਪੰਚ ਸ਼੍ਰੀ ਹਰਪ੍ਰੀਤ ਸਿੰਘ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ ਅਤੇ ਓਹਨੂੰ ਨੂੰ ਪੀ. ਏ . ਯੂ ਲੁਧਿਆਣਾ ਨਾਲ ਜੁੜਣ ਲਈ ਕਿਹਾ ।
ਪ੍ਰੋਗਰਾਮ ਦੇ ਸਮਾਪਨ ‘ਤੇ ਅਧਿਕਾਰੀਆਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਮਿੱਟੀ ਸਿਹਤ ਦੀ ਸੰਭਾਲ ਕਰਨਾ ਹਰ ਨਾਗਰਿਕ ਦੀ ਜ਼ਿੰਮੇਵਾਰੀ ਹੈ, ਕਿਉਂਕਿ ਸਿਹਤਮੰਦ ਮਿੱਟੀ ਹੀ ਸਿਹਤਮੰਦ ਭਵਿੱਖ ਦੀ ਗਰੰਟੀ ਹੈ। ਇਸ ਕੈਂਪ ਦੇ ਅੰਤ ਵਿੱਚ ਕਿਸਾਨਾਂ ਨੇ ਵਿਗਿਆਨੀਆਂ ਨਾਲ ਵਿਚਾਰ–ਵਟਾਂਦਰਾ ਕਰਕੇ ਆਪਣੀਆਂ ਸਮੱਸਿਆਵਾਂ ਬਾਰੇ ਚਰਚਾ ਕੀਤੀ । ਸ਼੍ਰੀ ਰੁਪਿੰਦਰ ਸਿੰਘ ਨੇ ਇਸ ਕੈਂਪ ਦੇ ਆਯੋਜਨ ਵਿੱਚ ਫਾਰਮ ਸਲਾਹਕਾਰ ਸੇਵਾ ਕੇੰਦਰ, ਰੋਪੜ ਨੂੰ ਬਹੁਤ ਸਹਿਯੋਗ ਦਿੱਤਾ ਅਤੇ ਅੰਤ ਵਿੱਚ ਕਿਸਾਨਾਂ ਦਾ ਧੰਨਵਾਦ ਕੀਤਾ ।
