ਪੀ.ਏ.ਯੂ. ਵਿਖੇ ਖੇਤੀ ਮੌਸਮ ਵਿਗਿਆਨ ਅਤੇ ਜਲਵਾਯੂ ਤਬਦੀਲੀ ਵਿਭਾਗ ਵੱਲੋਂ ਖੇਤੀ ਮੌਸਮ ਵਿਗਿਆਨ ਬਾਰੇ ਸਰਵ ਭਾਰਤੀ ਸਾਂਝੇ ਖੋਜ ਪ੍ਰੋਜੈਕਟ ਤਹਿਤ ਤਿੰਨ ਰੋਜ਼ਾ ਸਲਾਨਾ ਗਰੁੱਪ ਮੀਟਿੰਗ ਡਾ. ਖੇਮ ਸਿੰਘ ਗਿੱਲ ਕਿਸਾਨ ਸਲਾਹਕਾਰ ਸੇਵਾ ਕੇਂਦਰ ਵਿਖੇ ਆਰੰਭ ਹੋਈ|ਇਸ ਮੀਟਿੰਗ ਵਿਚ ਭਾਰਤ ਦੇ ਵੱਖ-ਵੱਖ ਸੂਬਿਆਂ ਅਸਾਮ, ਬਿਹਾਰ, ਛੱਤੀਸਗੜ੍ਹ, ਗੁਜਰਾਤ, ਹਰਿਆਣਾ, ਹਿਮਾਚਲ, ਕਰਨਾਟਕਾ, ਕੇਰਲਾ, ਜੰਮੂ ਕਸ਼ਮੀਰ, ਝਾਰਖੰਡ, ਮਹਾਂਰਾਸ਼ਟਰ, ਪੰਜਾਬ, ਰਾਜਸਥਾਨ, ਉੱਤਰ ਪ੍ਰਦੇਸ਼ ਅਤੇ ਪੱਛਮੀ ਬੰਗਾਲ ਤੋਂ ਖੇਤੀ ਮੌਸਮ ਵਿਗਿਆਨੀ ਭਾਗ ਲੈ ਰਹੇ ਹਨ| ਪੀ.ਏ.ਯੂ. ਵਿਖੇ ਹੀ ਇਹਨਾਂ ਮੌਸਮ ਵਿਗਿਆਨੀਆਂ ਦਾ ਪੰਜ ਰੋਜ਼ਾ ਸਮਰੱਥਾ ਨਿਰਮਾਣ ਪ੍ਰੋਗਰਾਮ 1-5 ਦਸੰਬਰ ਤੱਕ ਕਰਵਾਇਆ ਜਾਵੇਗਾ|
ਮੀਟਿੰਗ ਦੌਰਾਨ ਸਮਸਤੀਪੁਰ ਬਿਹਾਰ, ਬੈਂਗਲੂਰੁ ਕਰਨਾਟਕਾ ਅਤੇ ਲੁਧਿਆਣਾ ਦੇ ਕੇਂਦਰਾਂ ਨੂੰ ਸਰਵੋਤਮ ਕੇਂਦਰਾਂ ਦੇ ਐਵਾਰਡ ਨਾਲ ਨਿਵਾਜ਼ਿਆ ਗਿਆ| ਇਹ ਐਵਾਰਡ ਇਹਨਾਂ ਕੇਂਦਰਾਂ ਨੂੰ ਖੇਤੀ ਮੌਸਮ ਵਿਗਿਆਨ ਦੇ ਖੇਤਰ ਵਿਚ ਖੋਜ ਅਤੇ ਵਿਕਾਸ ਪੱਖੋਂ ਪਾਏ ਬਿਹਤਰੀਨ ਯੋਗਦਾਨ ਲਈ ਪ੍ਰਦਾਨ ਕੀਤੇ ਗਏ|
ਇਸ ਮੀਟ ਦੇ ਆਰੰਭਕ ਸੈਸ਼ਨ ਦੇ ਮੁੱਖ ਮਹਿਮਾਨ ਕੁਦਰਤੀ ਸਰੋਤ ਪ੍ਰਬੰਧਨ ਬਾਰੇ ਆਈ ਸੀ ਏ ਆਰ ਨਵੀਂ ਦਿੱਲੀ ਦੇ ਉਪ ਨਿਰਦੇਸ਼ਕ ਜਨਰਲ ਡਾ. ਏ ਕੇ ਨਾਇਕ ਸਨ| ਉਹਨਾਂ ਨੇ ਵਾਤਾਵਰਨ ਦੀ ਤਬਦੀਲੀ ਨਾਲ ਪੈਣ ਵਾਲੇ ਪ੍ਰਭਾਵਾਂ ਦੇ ਮੱਦੇਨਜ਼ਰ ਖੋਜ ਅਤੇ ਵਿਗਿਆਨ ਦੇ ਵਿਕਾਸ ਦੀ ਲੋੜ ਤੇ ਜ਼ੋਰ ਦਿੱਤਾ| ਆਪਣੇ ਭਾਸ਼ਣ ਦੌਰਾਨ ਸ਼੍ਰੀ ਨਾਇਕ ਨੇ ਸੂਖਮ ਮੌਸਮ ਵਿਗਿਆਨਕ ਰਣਨੀਤੀਆਂ ਵਿਕਸਿਤ ਕਰਕੇ ਮੌਸਮ ਦੀ ਭਵਿੱਖਬਾਣੀ ਕਰਨ ਦੀ ਸਮਰਥਾ ਵਿਕਸਿਤ ਕਰਨ ਅਤੇ ਉਸਦੇ ਮੱਦੇਨਜ਼ਰ ਖੇਤੀ ਮਾਡਲ ਉਸਾਰਨ ਲਈ ਖੇਤੀ ਵਿਗਿਆਨੀਆਂ ਨੂੰ ਪ੍ਰੇਰਿਆ| ਉਹਨਾਂ ਕਿਹਾ ਕਿ ਕਿਸਾਨਾਂ ਨੂੰ ਬਰਸਾਤ, ਸੋਕਾ, ਝੱਖੜ ਤੋਂ ਇਲਾਵਾ ਗਰਮੀ ਅਤੇ ਸਰਦੀ ਦੇ ਤੀਖਣ ਪ੍ਰਭਾਵਾਂ ਬਾਰੇ ਸੁਚੇਤ ਕਰਨ ਦਾ ਪ੍ਰਬੰਧ ਹੋਰ ਸੁਚਾਰੂ ਬਨਾਉਣ ਦੀ ਲੋੜ ਹੈ ਤਾਂ ਜੋ ਕੀੜੇ-ਮਕੌੜਿਆਂ ਅਤੇ ਬਿਮਾਰੀਆਂ ਦੀ ਰੋਕਥਾਮ ਲਈ ਅਗਾਊਂ ਪ੍ਰਬੰਧ ਕਰਕੇ ਸੂਖਮ ਅਤੇ ਸਥਿਰ ਖੇਤੀਬਾੜੀ ਨੂੰ ਉਤਸ਼ਾਹਿਤ ਕੀਤਾ ਜਾ ਸਕੇ|
ਹੈਦਰਾਬਾਦ ਦੇ ਬਰਾਨੀ ਖੇਤੀ ਬਾਰੇ ਕੇਂਦਰੀ ਖੋਜ ਸੰਸਥਾਨ ਦੇ ਨਿਰਦੇਸ਼ਕ ਡਾ. ਵੀ ਕੇ ਸਿੰਘ ਨੇ ਖੇਤੀ ਮੌਸਮ ਵਿਗਿਆਨੀਆਂ ਸਾਹਮਣੇ ਦਰਪੇਸ਼ ਚੁਣੌਤੀਆਂ ਬਾਰੇ ਗੱਲ ਕਰਦਿਆਂ ਕਿਹਾ ਕਿ ਪ੍ਰਚਲਿਤ ਮੌਸਮ ਭਵਿੱਖਬਾਣੀ ਵਿਧੀਆਂ ਨਾਕਾਫੀ ਲਗਦੀਆਂ ਹਨ| ਇਸਲਈ ਖੇਤੀ ਮੌਸਮ ਵਿਗਿਆਨੀਆਂ ਨੂੰ ਨਵੀਨਤਮ ਤਕਨਾਲੋਜੀਆਂ ਦੇ ਵਰਤੋਂ ਕਰਕੇ ਵਧੇਰੇ ਢੁੱਕਵਾਂ ਪ੍ਰਬੰਧ ਕਾਇਮ ਕਰਨ ਦੀ ਲੋੜ ਹੈ| ਉਹਨਾਂ ਨੇ ਮੌਸਮਾਂ ਦੀ ਤੀਖਣਤਾ ਦੇ ਮੱਦੇਨਜ਼ਰ ਫਸਲਾਂ ਦੀ ਉਤਪਾਦਕਤਾ ਅਤੇ ਬਿਮਾਰੀ ਮੁਕਤ ਪੈਦਾਵਾਰ ਲਈ ਮੌਸਮ ਵਿਗਿਆਨੀਆਂ ਦੀ ਮਹੱਤਤਾ ਨੂੰ ਵੀ ਉਜਾਗਰ ਕੀਤਾ|
ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਹੋਏ ਨਿਰਦੇਸ਼ਕ ਖੋਜ ਡਾ. ਅਜਮੇਰ ਸਿੰਘ ਢੱਟ ਨੇ ਪੀ.ਏ.ਯੂ. ਵੱਲੋਂ ਉੱਤਰੀ ਭਾਰਤ ਦੀ ਖੇਤੀ ਦੇ ਵਿਕਾਸ ਵਿਚ ਪਾਏ ਯੋਗਦਾਨ ਨੂੰ ਅੰਕਿਤ ਕੀਤਾ| ਇਸਦੇ ਨਾਲ ਹੀ ਉਹਨਾਂ ਨੇ ਕੁਦਰਤੀ ਸਰੋਤਾਂ ਨੂੰ ਦਰਪੇਸ਼ ਖਤਰਿਆਂ ਵੱਲ ਸੰਕੇਤ ਕਰਦਿਆਂ ਮੌਸਮ ਵਿਗਿਆਨੀਆਂ ਦੀ ਸੂਖਮ ਖੇਤੀ ਪ੍ਰਣਾਲੀ ਵਿਚ ਭੂਮਿਕਾ ਉਜਾਗਰ ਕੀਤੀ| ਡਾ. ਢੱਟ ਨੇ ਕਿਹਾ ਕਿ ਖੇਤੀ ਉਤਪਾਦਨ ਅਤੇ ਸਥਿਰਤਾ ਸਾਹਮਣੇ ਮੌਸਮ ਦੀ ਖਲਬਲੀ ਅਜਿਹੀ ਚੁਣੌਤੀ ਹੈ ਜੋ ਮੌਸਮ ਵਿਗਿਆਨ ਦੇ ਖੇਤਰ ਨੂੰ ਹੋਰ ਖੋਜ ਲਈ ਪ੍ਰੇਰਿਤ ਕਰੇਗੀ| ਉਹਨਾਂ ਨੇ 2015 ਵਿਚ ਨਰਮੇ ਉੱਪਰ ਆਏ ਚਿੱਟੀ ਮੱਖੀ ਦੇ ਹਮਲੇ ਤੋਂ ਇਲਾਵਾ 2023 ਅਤੇ 2025 ਦੇ ਹੜ੍ਹਾਂ ਦਾ ਜ਼ਿਕਰ ਇਸ ਪ੍ਰਸੰਗ ਵਿਚ ਕੀਤਾ| ਡਾ. ਢੱਟ ਨੇ ਕਿਹਾ ਕਿ ਖੇਤੀ ਖੇਤਰ ਦੇ ਵੱਖ-ਵੱਖ ਵਿਗਿਆਨੀਆਂ ਨੂੰ ਤਾਲਮੇਲ ਨਾਲ ਕੰਮ ਕਰਨ ਦੀ ਲੋੜ ਹੈ ਤਾਂ ਜੋ ਸੁਚਾਰੂ ਰਣਨੀਤੀਆਂ ਅਤੇ ਸੂਚਨਾ ਤੰਤਰ ਕਾਇਮ ਕੀਤਾ ਜਾ ਸਕੇ| ਉਹਨਾਂ ਨੇ ਕੁਦਰਤੀ ਸਰੋਤਾਂ ਦੀ ਸੰਭਾਲ ਅਤੇ ਉਤਪਾਦਨ ਵਿਚਕਾਰ ਸੰਤੁਲਨ ਬਨਾਉਣ ਦੀ ਲੋੜ ਤੇ ਜ਼ੋਰ ਵੀ ਦਿੱਤਾ|
ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਹੋਏ ਖੇਤੀਬਾੜੀ ਕਾਲਜ ਦੇ ਡੀਨ ਡਾ. ਚਰਨਜੀਤ ਸਿੰਘ ਔਲਖ ਨੇ ਵੀ ਬਦਲਦੇ ਮੌਸਮ ਦੇ ਖੇਤੀਬਾੜੀ ਉੱਪਰ ਪੈਣ ਵਾਲੇ ਅਸਰ ਬਾਰੇ ਗੱਲ ਕਰਦਿਆਂ ਇਸਦੇ ਆਰਥਿਕ ਅਤੇ ਹੋਰ ਪ੍ਰਭਾਵਾਂ ਦਾ ਖਦਸ਼ਾ ਪ੍ਰਗਟਾਇਆ| ਡਾ. ਔਲਖ ਨੇ ਕਿਹਾ ਕਿ ਇਸ ਤੋਂ ਬਚਾਅ ਲਈ ਵਿਗਿਆਨੀਆਂ ਨੂੰ ਕਿਸਾਨ ਕੇਂਦਰਿਤ ਮੌਸਮ ਸੂਚਨਾ ਪ੍ਰਣਾਲੀ ਵਿਕਸਿਤ ਕਰਨ ਦੀ ਲੋੜ ਹੈ|
ਖੋਜ ਪ੍ਰੋਜੈਕਟ ਦੇ ਸੰਚਾਲਕ ਡਾ. ਐੱਸ ਕੇ ਬੱਲ ਨੇ ਇਸ ਗੋਸ਼ਟੀ ਦੇ ਮੰਤਵ ਸਾਂਝੇ ਕਰਨ ਦੇ ਨਾਲ-ਨਾਲ ਸਰਵ ਭਾਰਤੀ ਸਾਂਝੇ ਖੋਜ ਪ੍ਰੋਜੈਕਟ ਦੀਆਂ ਗਤੀਵਿਧੀਆਂ ਉੱਪਰ ਝਾਤ ਪੁਆਈ| ਉਹਨਾਂ ਨੇ ਭਾਰਤ ਵਿਚ ਮੌਸਮ ਵਿਗਿਆਨ ਦੇ ਖੇਤਰ ਵਿਚ ਕੀਤੇ ਜਾ ਰਹੇ ਪ੍ਰਯੋਗਾਂ ਦਾ ਉਲੇਖ ਕੀਤਾ ਅਤੇ ਨਾਲ ਹੀ ਕਿਸਾਨਾਂ ਨੂੰ ਖੇਤੀ ਸਿਫ਼ਾਰਸ਼ਾਂ ਸੰਬੰਧੀ ਕਾਰਜ ਕਰ ਰਹੇ 25 ਨਿਯਮਤ ਅਤੇ 5 ਅਨਿਯਮਤ ਕੇਂਦਰਾਂ ਦਾ ਜ਼ਿਕਰ ਕੀਤਾ ਜੋ 21 ਰਾਜਾਂ ਅਤੇ ਸ਼ਾਸਤ ਪ੍ਰਦੇਸ਼ਾਂ ਵਿਚ ਗਤੀਸ਼ੀਲ ਹਨ| ਉਹਨਾਂ ਨੇ ਆਸ ਪ੍ਰਗਟਾਈ ਕਿ ਖੇਤੀ ਮੌਸਮ ਵਿਗਿਆਨ ਦੇ ਖੇਤਰ ਵਿਚ ਲੋੜੀਂਦਾ ਕਾਰਜ ਆਉਂਦੇ ਸਮੇਂ ਦੌਰਾਨ ਕੀਤਾ ਜਾਵੇਗਾ|
ਸਵਾਗਤੀ ਸ਼ਬਦ ਕਹਿੰਦਿਆਂ ਖੇਤੀ ਮੌਸਮ ਵਿਗਿਆਨ ਵਿਭਾਗ ਦੇ ਮੁਖੀ ਡਾ. ਪਵਨੀਤ ਕੌਰ ਕਿੰਗਰਾ ਨੇ ਇਸ ਗੋਸ਼ਟੀ ਵਿਚ ਭਾਗ ਲੈਣ ਵਾਲੇ ਵਿਗਿਆਨੀਆਂ ਨੂੰ ਉਸਾਰੂ ਚਰਚਾ ਦਾ ਸੱਦਾ ਦਿੱਤਾ ਤਾਂ ਜੋ ਇਸ ਖੇਤਰ ਵਿਚ ਕੀਤੇ ਜਾਣ ਵਾਲੇ ਕਾਰਜਾਂ ਲਈ ਨੌਜਵਾਨ ਵਿਗਿਆਨੀਆਂ ਨੂੰ ਪ੍ਰੇਰਿਤ ਕੀਤਾ ਜਾ ਸਕੇ|
ਅੰਤ ਵਿਚ ਧੰਨਵਾਦ ਦੇ ਸ਼ਬਦ ਡਾ. ਪੀ ਕੇ ਸਿੱਧੂ ਨੇ ਕਹੇ|
ਇਸ ਮੌਕੇ ਖੇਤੀ ਮੌਸਮ ਵਿਗਿਆਨ ਦੀ ਸਲਾਨਾ ਰਿਪੋਰਟ, ਅਸਾਮ ਵਿਚ ਜਲਵਾਯੂ ਤਬਦੀਲੀ, ਬੰਗਾਲ ਵਿਚ ਮੌਸਮੀ ਤਬਦੀਲੀ ਅਤੇ ਲੁਧਿਆਣਾ ਦੇ ਖੋਜ ਪ੍ਰੋਜੈਕਟ ਕੇਂਦਰ ਵੱਲੋਂ ਪਿਛਲੇ 40 ਸਾਲ ਦੀਆਂ ਪ੍ਰਾਪਤੀਆਂ ਬਾਰੇ ਸਾਹਿਤ ਜਾਰੀ ਕੀਤਾ ਗਿਆ|
ਵਿਗਿਆਨੀਆਂ ਨੇ ਵੱਖ-ਵੱਖ ਸੈਸ਼ਨਾਂ ਦੌਰਾਨ ਚਲੰਤ ਮਸਲਿਆਂ ਬਾਰੇ ਨਿੱਠ ਕੇ ਵਿਚਾਰ-ਚਰਚਾ ਕੀਤੀ|
