Menu

ਪੰਜਾਬ ਖੇਤੀਬਾੜੀ ਯੂਨੀਵਰਸਿਟੀ
PUNJAB AGRICULTURAL UNIVERSITY

Menu

ਪੀ.ਏ.ਯੂ. ਵਿੱਚ ਖੇਤੀ ਇੰਜਨੀਅਰਿੰਗ ਅਤੇ ਕਮਿਊਨਟੀ ਸਾਇੰਸ ਕਾਲਜਾਂ ਦਾ ਡਿਗਰੀ ਵੰਡ ਸਮਾਰੋਹ ਹੋਇਆ

ਅੱਜ ਪੀ.ਏ.ਯੂ. ਦੇ ਡਾ ਮਨਮੋਹਣ ਸਿੰਘ ਆਡੀਟੋਰੀਅਮ ਵਿਖੇ 2018-19 ਤੋਂ ਲੈ ਕੇ 2023-24 ਤੱਕ ਖੇਤੀ ਇੰਜਨੀਅਰਿੰਗ ਕਾਲਜ ਅਤੇ ਕਮਿਊਨਟੀ ਸਾਇੰਸ ਕਾਲਜ ਵਿੱਚ ਪੜਾਈ ਕਰਨ ਵਾਲੇ 394 ਵਿਦਿਆਰਥੀਆਂ ਨੂੰ ਡਿਗਰੀਆਂ ਵੰਡੀਆਂ ਗਈਆਂ ਇਸਦੇ ਨਾਲ ਹੀ 2025 ਦਾ ਇਨਾਮ ਸਮਾਰੋਹ ਵੀ ਹੋਇਆ। ਇਸ ਸਮਾਰੋਹ ਦੇ ਮੁੱਖ ਮਹਿਮਾਨ ਅਮਰੀਕਾ ਦੀ ਜਾਰੀਜ਼ਾ ਯੂਨੀਵਰਸਿਟੀ ਦੇ ਪ੍ਰੋਫੈਸਰ ਐਮੀਰਟਸ ਅਤੇ 1959 ਵਿੱਚ ਪੀ.ਏ.ਯੂ. ਦੇ ਖੇਤੀ ਇੰਜਨੀਅਰਿੰਗ ਕਾਲਜ ਤੋਂ ਸੋਨ ਤਮਗਾ ਜੀਤਣ ਵਾਲੇ ਡਾ ਮਨਜੀਤ ਸਿੰਘ ਛੀਨਣ ਸਨ।ਉਹਨਾਂ ਨਾਲ ਵਿਸ਼ੇਸ਼ ਤੌਰ ਤੇ ਉਹਨਾਂ ਦੀ ਸੁਪੱਤਨੀ ਅਤੇ ਪੀ.ਏ.ਯੂ. ਦੇ ਸਾਬਕਾ ਵਿਦਿਆਰਥੀ ਡਾ ਲਤਾ ਮਹਾਹਨ ਛੀਨਣ ਵੀ ਮੌਕੇ ਤੇ ਮਜੂੌਦ ਰਹੇ। ਸਮਾਰੋਹ ਦੀ ਪ੍ਰਧਾਨਗੀ ਵਾਈਸ ਚਾਂਸਲਰ ਡਾ ਸਤਿਬੀਰ ਸਿੰਘ ਗੋਸਲ ਨੇ ਕੀਤੀ। ਡਾ ਗੋਸਲ ਨੇ ਡਿਗਰੀਆਂ ਹਾਸਿਲ ਕਰਨ ਵਾਲੇ ਵਿਦਿਆਰਥੀਆਂ ਲਈ ਸ਼ੁੱਭ ਕਾਮਨਾਵਾਂ ਦੇ ਭਾਵ ਪ੍ਰਗਟਾਉਦਿਆਂ ਕਨਵੋਕੇਸ਼ਨ ਦੇ ਆਰੰਭ ਦਾ ਐਲਾਨ ਕੀਤਾ।

ਡਾ ਛੀਨਣ ਨੇ ਡਿਗਰੀਆਂ ਲੈਣ ਵਾਲੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਅਕਾਦਮਿਕ ਪ੍ਰਾਪਤੀਆਂ ਲਈ ਵਧਾਈ ਦਿੱਤੀ। ਉਹਨਾਂ ਕਿਹਾ ਕਿ ਡਿਗਰੀ ਹਾਸਿਲ ਲੈਣ ਦਾ ਪਲ ਕੀਤੀ ਹੋਈ ਮਿਹਨਤ ਦਾ ਸਿੱਟਾ ਮਿਲਣ ਵਾਂਗ ਹੁੰਦਾ ਹੈ। ਉਹਨਾਂ ਕਿਹਾ ਕਿ ਵਿਦਿਆਰਥੀ ਸਾਰੀ ਉਮਰ ਸਿੱਖਣ ਦੀ ਪ੍ਰਕਿਰਿਆ ਦਾ ਹਿੱਸਾ ਬਣਿਆ ਰਹਿੰਦਾ ਹੈ ਅਤੇ ਆਪਣੀ ਡਿਗਰੀ ਨੂੰ ਸਾਰਥਕ ਸਾਬਿਤ ਕਰਨ ਦੀ ਕੋਸ਼ਿਸ਼ ਕਰਦਾ ਹੈ।ਵਿਦਿਆਰਥੀਆਂ ਨੂੰ ਭਵਿੱਖ ਵਿੱਚ ਕਾਮਯਾਬ ਹੋਣ ਦੇ ਨੁਕਤੇ ਦੱਸਦਿਆਂ ਡਾ ਛੀਨਣ ਨੇ ਸਖਤ ਮਿਹਨਤ ਕਰਦੇ ਰਹਿਣ ਅਤੇ ਆਪਣਾ ਨਿਸ਼ਾਨਾ ਹਾਸਿਲ ਹੋਣ ਤੱਕ ਨਾ ਰੁਕਣ ਦਾ ਸੱਦਾ ਦਿੱਤਾ। ਉਹਨਾਂ ਕਿਹਾ ਕਿ ਪੀ.ਏ.ਯੂ. ਦੀ ਖੇਤੀ ਵਿਰਾਸਤ ਨੂੰ ਅਗਾਂਹ ਵਧਾਉਣ ਦੀ ਜ਼ਿੰਮੇਵਾਰੀ ਅੱਜ ਡਿਗਰੀਆਂ ਹਾਸਿਲ ਕਰਨ ਵਾਲੇ ਨੌਜਵਾਨਾਂ ਦੇ ਸਿਰ ਹੈ। ਉਹਨਾਂ ਨੇ ਦੇਸ਼ ਦੀ ਖੇਤੀ ਦੇ ਮਸ਼ੀਨੀ ਕਰਨ ਵਿੱਚ ਖੇਤੀ ਇੰਜਨੀਅਰਿੰਗ ਕਾਲਜ ਵਲੋਂ ਨਿਭਾਈ ਭੂਮਿਕਾ ਦੀ ਪ੍ਰਸ਼ੰਸ਼ਾ ਵੀ ਕੀਤੀ। ਇਸਦੇ ਨਾਲ ਹੀ ਉਹਨਾਂ ਨੇ ਕਮਿਊਨਟੀ ਸਾਇੰਸ ਕਾਲਜ ਵਲੋਂ ਕੀਤੇ ਯਤਨਾਂ ਨੂੰ ਸਲਾਹੁੰਦਿਆਂ ਖੇਤੀ ਖੇਤਰ ਵਿੱਚ ਔਰਤਾਂ ਦੇ ਮਹੱਤਵ ਨੂੰ ਦ੍ਰਿੜ ਕਰਵਾਉਣ ਦੀ ਲੋੜ ਤੇ ਜ਼ੋਰ ਦਿੱਤਾ। ਡਾ ਛੀਨਣ ਨੇ ਕਿਹਾ ਕਿ ਅੱਜ ਦਾ ਸਮਾਂ ਸਮੁੱਚੇ ਸਮਾਜ ਲਈ ਅਨਾਜ ਪੈਦਾ ਕਰਨ ਦੇ ਨਾਲ-ਨਾਲ ਪਰਿਵਾਰ ਦੀਆਂ ਪੋਸ਼ਣ ਲੋੜਾਂ ਪੂਰੀਆਂ ਕਰਨ ਦਾ ਵੀ ਹੈ। ਇਸ ਦਿਸ਼ਾ ਵਿੱਚ ਕਮਿਊਨਟੀ ਸਾਇੰਸ ਕਾਲਜ ਵਲੋਂ ਦਿੱਤੇ ਜਾਂਦੇ ਗਿਆਨ ਦੀ ਸਾਰਥਕਤਾ ਉੱਘੜਦੀ ਹੈ। ਉਹਨਾਂ ਨੇ ਪੀ.ਏ.ਯੂ. ਦੀ ਵਿਗਿਆਨਿਕ ਪਹੁੰਚ ਨੂੰ ਸਫਲਤਾ ਦਾ ਮੂਲ ਮੰਤਰ ਕਹਿ ਕੇ ਸੰਸਾਰ ਭਰ ਵਿੱਚ ਫੈਲੇ ਪੀ.ਏ.ਯੂ. ਪਰਿਵਾਰ ਦੇ ਹੋਰ ਵਾਧੇ ਦੀ ਕਾਮਨਾ ਕੀਤੀ।

ਖੇਤੀ ਇੰਜਨੀਅਰਿੰਗ ਕਾਲਜ ਦੇ ਡੀਨ ਡਾ ਮਨਜੀਤ ਸਿੰਘ ਨੇ ਆਪਣੇ ਸੰਬੋਧਨ ਵਿੱਚ ਕਾਲਜ ਦੀਆਂ ਅਕਾਦਮਿਕ, ਖੋਜ ਅਤੇ ਪਸਾਰ ਦੇ ਖੇਤਰ ਵਿੱਚ ਕੀਤੀਆਂ ਪ੍ਰਾਪਤੀਆਂ ਗਿਣਾਈਆਂ। ਉਹਨਾਂ ਨੇ ਵੱਖ-ਵੱਖ ਵਿਭਾਗਾਂ ਵਲੋਂ ਜਿੱਤੇ ਇਨਾਮਾਂ, ਸਨਮਾਨਾਂ ਅਤੇ ਪ੍ਰੋਕੈਜਟਾਂ ਦਾ ਹਵਾਲਾ ਦੇ ਕੇ ਕਾਲਜ ਦੇ ਯੋਗਦਾਨ ਨੂੰ ਅੰਕਿਤ ਕੀਤਾ। ਉਹਨਾਂ ਕਿਹਾ ਕਿ ਕਾਲਜ ਵਲੋਂ ਬਦਲਦੇ ਖੇਤੀ ਦ੍ਰਿਸ਼ਾ ਮੁਤਾਬਿਕ ਏ.ਆਈ, ਸੈਂਸਰ ਅਧਾਰਿਤ ਖੇਤੀ ਕਾਰਜ, ਸਵੈ-ਚਾਲਿਤ ਉਪਕਰਣਾਂ ਦੀ ਖੋਜ ਲਈ ਯਤਨ ਕੀਤੇ ਜਾ ਰਹੇ ਹਨ। ਡਾ ਸਿੰਘ ਨੇ ਨਵੇਂ ਖੇਤੀ ਇੰਜਨੀਅਰਾਂ ਨੂੰ ਇਸ ਕਾਲਜ ਦੀ ਨੁਮਾਇੰਦਗੀ ਕਰਦਿਆਂ ਪਰੰਪਰਾ ਦਾ ਧਿਆਨ ਰੱਖਣ ਦੀ ਤਾਕੀਦ ਕੀਤੀ।

ਇਸ ਮੌਕੇ ਬੀ ਟੈਕ ‘ਖੇਤੀ ਇੰਜਨੀਅਰਿੰਗ’ ਦੇ ਵਿਦਿਆਰਥੀਆਂ ਨੂੰ ਡਿਗਰੀਆਂ ਅਤੇ ਗੋਲਡ ਮੈਡਲ ਪ੍ਰਦਾਨ ਕੀਤੇ ਗਏ।

ਕਮਿਊਨਟੀ ਸਾਇੰਸ ਕੲਲਜ ਦੇ ਡੀਨ ਡਾ ਕਿਰਨ ਬੈਂਸ ਨੇ ਆਪਣੇ ਸੰਬੋਦਨ ਵਿੱਚ ਕਾਲਜ ਦੇ ਬੁਨਿਆਦੀ ਢਾਂਚੇ ਤੋਂ ਇਲਾਵਾ ਵੱਖ-ਵੱਖ ਅਕਾਦਮਿਕ ਪ੍ਰੋਗਰਾਮਾਂ ਅਤੇ ਡਿਗਰੀ ਪ੍ਰੋਗਰਾਮਾਂ ਦੇ ਜਿਕਰ ਕੀਤਾ। ਉਹਨਾਂ ਕਿਹਾ ਕਿ ਕਮਿਊਨਟੀ ਵਿਗਿਆਨ ਆਪਣੀ ਸਮਾਜਿਕ ਰੂਚੀ ਕਾਰਨ ਨਾ ਸਿਰਫ ਕਿਸੇ ਸਭਿਆਚਾਰ ਦਾ ਵਿਗਿਆਨ ਹੈ ਬਲਕਿ ਇਸ ਰਾਹੀਂ ਸਮੁੱਚੀ ਮਾਨਵਤਾ ਦੀ ਭਲਾਈ ਅਤੇ ਵਿਕਾਸ ਸੰਭਵ ਹੁੰਦਾ ਹੈ। ਡਾ ਬੈਂਸ ਨੇ ਕਾਲਜ ਵਲੋਂ ਪੇਂਡੂ ਔਰਤਾਂ ਦੇ ਸਸ਼ਕਤੀਕਰਨ ਲਈ ਚਲਾਏ ਜਾ ਰਹੇ ਸਿਖਲਾਈ ਪ੍ਰਬੰਧਾਂ ਦਾ ਵਿਸ਼ੇਸ਼ਤਾ ਨਾਲ ਜਿਕਰ ਕੀਤਾ।

ਇਸ ਇਨਾਮ ਵੰਡ ਸਮਾਰੋਹ ਦੌਰਾਨ ਬੀ ਐਸ ਸੀ (ਆਨਰਜ਼) ਹੋਮ ਸਾਇੰਸ, ਬੀ ਐਸ ਸੀ (ਆਨਰਜ਼) ਨਿਊਟਰੀਸ਼ਨ ਅਤੇ ਡਾਈਟੈਟਿਕਸ, ਬੀ ਐਸ ਸੀ (ਆਨਰਜ਼) ਫੈਸ਼ਨ ਡਿਜ਼ਾਈਨਿੰਗ, ਬੀ ਐਸ ਸੀ (ਆਨਰਜ਼) ਇੰਨਟੀਰੀਅਰ ਡਿਜ਼ਾਈਨਿੰਗ ਦੇ ਵਿਦਿਆਰਥੀਆਂ ਨੂੰ ਉਹਨਾਂ ਦੀ ਪੜਾਈ ਸਮਾਪਤੀ ਉਪਰੰਤ ਡਿਗਰੀਆਂ, ਤਮਗਿਆਂ ਅਤੇ ਟਰਾਫੀਆਂ ਨਾਲ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਵਾਈਸ ਚਾਂਸਲਰ ਡਾ ਗੋਸਲ ਨੇ ਮੁੱਖ ਮਹਿਮਾਨ ਡਾ ਛੀਨਣ ਨੂੰ ਦੁਸ਼ਾਲੇ ਅਤੇ ਯਾਦਗਾਰੀ ਚਿੰਨ ਨਾਲ ਸਨਮਾਨਿਤ ਕੀਤਾ। ਡਿਗਰੀਆਂ ਹਾਸਿਲ ਕਰਨ ਵਾਲੇ ਵਿਦਿਆਰਥੀਆਂ ਦਾ ਉਤਸ਼ਾਹ ਅਤੇ ਜੋਸ਼ ਸਮੁੱਚੇ ਸਮਾਰੋਹ ਦੌਰਾਨ ਦੇਖਣ ਯੋਗ ਸੀ।