Menu

ਪੰਜਾਬ ਖੇਤੀਬਾੜੀ ਯੂਨੀਵਰਸਿਟੀ
PUNJAB AGRICULTURAL UNIVERSITY

Menu

ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ ਦੀ 21ਵੀਂ ਕਿਸ਼ਤ ਜਾਰੀ — ਕੇ.ਵੀ.ਕੇ. ਬਠਿੰਡਾ ਵੱਲੋਂ ਵਿਸ਼ੇਸ਼ ਜਾਗਰੂਕਤਾ ਪ੍ਰੋਗਰਾਮ

ਕੇਂਦਰ ਸਰਕਾਰ ਵੱਲੋਂ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ (PM-KISAN) ਯੋਜਨਾ ਦੀ 21ਵੀਂ ਕਿਸ਼ਤ ਦੇ ਜਾਰੀ ਹੋਣ ਦੇ ਮੌਕੇ ‘ਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਦੇ ਕ੍ਰਿਸ਼ੀ ਵਿਗਿਆਨ ਕੇਂਦਰ ਬਠਿੰਡਾ ਵਿੱਚ ਵਿਸ਼ੇਸ਼ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਇਸ ਕਿਸ਼ਤ ਰਾਹੀਂ ਦੇਸ਼ ਭਰ ਦੇ ਲਗਭਗ 9 ਕਰੋੜ ਕਿਸਾਨਾਂ ਨੂੰ ਵਿੱਤੀ ਸਹਾਇਤਾ ਪ੍ਰਦਾਨ ਕੀਤੀ ਗਈ।

ਪ੍ਰੋਗਰਾਮ ਦੌਰਾਨ ਕੇ.ਵੀ.ਕੇ. ਵਿਗਿਆਨੀਆਂ ਵੱਲੋਂ ਕਿਸਾਨਾਂ ਨੂੰ ਸੁਧਰੇ ਬੀਜਾਂ, ਪਸ਼ੂਆਂ ਲਈ ਧਾਤਾਂ ਦਾ ਚੂਰਾ, ਸਬਜੀ ਬੀਜ ਕਿੱਟਾਂ, ਮਿੱਟੀ ਅਤੇ ਪਾਣੀ ਦੀ ਪਰਖ ਸੇਵਾਵਾਂ, ਵੱਖ-ਵੱਖ ਸਿਖਲਾਈ ਪ੍ਰੋਗਰਾਮਾਂ, ਤਕਨੀਕੀ ਮਦਦ ਅਤੇ ਨਵੀਆਂ ਖੇਤੀ ਤਕਨੀਕਾਂ ਆਦਿ ਬਾਰੇ ਜਾਣਕਾਰੀ ਦਿੱਤੀ ਗਈ। ਡਾ.ਗੁਰਮੀਤ ਸਿੰਘ ਢਿੱਲੋਂ, ਪ੍ਰੋਫੈਸਰ, ਪਸਾਰ ਸਿੱਖਿਆ ਨੇ ਸਟੇਜ ਦਾ ਸੰਚਾਲਨ ਕੀਤਾ ਅਤੇ ਕਿਸਾਨਾਂ ਨੂੰ ਮੌਸਮੀ ਤਬਦੀਲੀ ਦਾ ਫਸਲਾਂ ਉੱਪਰ ਪ੍ਰਭਾਵ ਅਤੇ ਇਸ ਨਾਲ ਨਜਿੱਠਣ ਲਈ ਵਿਕਸਿਤ ਤਕਨੀਕਾਂ ਬਾਰੇ ਜਾਣਕਾਰੀ ਸਾਂਝੀ ਕੀਤੀ।

ਇਸ ਮੌਕੇ ਡਾ. ਤੇਜਬੀਰ ਸਿੰਘ ਬੁੱਟਰ, ਸਹਾਇਕ ਪ੍ਰੋਫੈਸਰ (ਭੂਮੀ ਵਿਗਿਆਨ) ਨੇ ਖਾਦਾਂ ਦੀ ਸੰਯੁਕਤ, ਸੰਤੁਲਿਤ ਤੇ ਸਮਝਦਾਰੀ ਨਾਲ ਵਰਤੋਂ ਬਾਰੇ ਵਿਸਥਾਰਪੂਰਵਕ ਭਾਸ਼ਣ ਦਿੱਤਾ। ਉਨ੍ਹਾਂ ਖ਼ਾਸ ਤੌਰ ‘ਤੇ ਕਿਸਾਨਾਂ ਨੂੰ ਯੂਰੀਆ ਦੀ ਬੇਲੋੜੀ ਵਰਤੋਂ ਨਾ ਕਰਨ ਲਈ ਪ੍ਰੇਰਿਤ ਕੀਤਾ। ਡਾ. ਬੁੱਟਰ ਨੇ ਸਪੱਸ਼ਟ ਕੀਤਾ ਕਿ ਕਣਕ ਦੀ ਫਸਲ ਲਈ ਪ੍ਰਤੀ ਏਕੜ ਕੇਵਲ 110 ਕਿਲੋਗ੍ਰਾਮ ਯੂਰੀਆ ਹੀ ਕਾਫ਼ੀ ਹੈ, ਇਸ ਤੋਂ ਵੱਧ ਯੂਰੀਆ ਦੇਣ ਨਾਲ ਮਿੱਟੀ ਦੀ ਗੁਣਵੱਤਾ ਘਟਣ ਨਾਲ ਨਾਲ ਪੈਦਾਵਾਰ ‘ਤੇ ਵੀ ਬੁਰਾ ਪ੍ਰਭਾਵ ਪੈ ਸਕਦਾ ਹੈ। ਇਸ ਪ੍ਰੋਗਰਾਮ ਦੌਰਾਨ ਕਿਸਾਨਾਂ ਨੂੰ ਹਾੜ੍ਹੀ ਦੀਆਂ ਫਸਲਾਂ ਲਈ ਖਾਦਾਂ ਦਾ ਸਮਾਂ, ਮਾਤਰਾ ਅਤੇ ਢੰਗ ਨਾਲ ਵਰਤੋਂ ਕਰਨ ਦੇ ਵਿਗਿਆਨਕ ਤਰੀਕਿਆਂ ਬਾਰੇ ਵੀ ਜਾਣੂ ਕਰਵਾਇਆ ਗਿਆ। ਇਸ ਦੇ ਨਾਲ ਕ੍ਰਿਸ਼ੀ ਵਿਗਿਆਨ ਕੇਂਦਰ, ਬਠਿੰਡਾ ਦੀ ਟੀਮ ਨੇ ਮਿੱਟੀ ਦੀ ਜਾਂਚ ਰਿਪੋਰਟ ਦੇ ਅਧਾਰ ‘ਤੇ ਖਾਦਾਂ ਦੀ ਸਿਫਾਰਸ਼ੀ ਖੁਰਾਕ ਵਰਤਣ ਦੀ ਮਹੱਤਤਾ ‘ਤੇ ਵੀ ਰੋਸ਼ਨੀ ਪਾਈ, ਜੋ ਖੇਤੀ ਦੇ ਖਰਚੇ ਘਟਾਏ ਜਾ ਸਕਣ ਅਤੇ ਪੈਦਾਵਾਰ ‘ਚ ਵਾਧਾ ਹੋਵੇ।

ਪ੍ਰੋਗਰਾਮ ਵਿੱਚ ਕੁੱਲ 189 ਕਿਸਾਨਾਂ ਨੇ ਭਾਗ ਲਿਆ। ਇਸ ਪੀ.ਐਮ. ਕਿਸਾਨ ਯੋਜਨਾ ਦੇ ਰਾਸ਼ਟਰੀ ਪੱਧਰ ‘ਤੇ ਸ਼ੁਭ ਆਰੰਭ ਦਾ ਲਾਈਵ ਪ੍ਰਸਾਰਣ ਵੀ ਦਿਖਾਇਆ ਗਿਆ, ਜਿਸ ਨੂੰ ਕਿਸਾਨਾਂ ਨੇ ਧਿਆਨ ਨਾਲ ਦੇਖਿਆ ਤੇ ਯੋਜਨਾ ਬਾਰੇ ਵਿਸਥਾਰਪੂਰਵਕ ਜਾਣਕਾਰੀ ਪ੍ਰਾਪਤ ਕੀਤੀ।

ਕੇ.ਵੀ.ਕੇ. ਬਠਿੰਡਾ ਵੱਲੋਂ ਆਯੋਜਿਤ ਇਹ ਪ੍ਰੋਗਰਾਮ ਕਿਸਾਨਾਂ ਨੂੰ ਨਵੀਆਂ ਤਕਨੀਕਾਂ, ਸਰਕਾਰੀ ਯੋਜਨਾਵਾਂ ਅਤੇ ਵਿਗਿਆਨਕ ਖੇਤੀ ਪ੍ਰਥਾਵਾਂ ਨਾਲ ਜੋੜਨ ਦੇ ਉਦੇਸ਼ ਨਾਲ ਬਹੁਤ ਹੀ ਲਾਭਦਾਇਕ ਸਾਬਤ ਹੋਇਆ।