ਪੰਜਾਬ ਰਾਜ ਕਿਸਾਨ ਅਤੇ ਖੇਤੀ ਕਾਮੇ ਕਮਿਸ਼ਨ ਦੇ ਚੇਅਰਮੈਨ ਡਾ. ਸੁਖਪਾਲ ਸਿੰਘ ਅਤੇੇ ਅਮਰੀਕਾ ਦੇ ਨਿਊ ਮੈਕਸੀਕੋ ਸਟੇਟ ਯੂਨੀਵਰਸਿਟੀ ਦੇ ਸੀਨੀਅਰ ਵਿਗਿਆਨੀ (ਐਗਰੋਨੋਮੀ) ਡਾ. ਕੁਲਭੂਸ਼ਣ ਗਰੋਵਰ ਨੇ ਕ੍ਰਿਸ਼ੀ ਵਿਗਿਆਨ ਕੇਂਦਰ (ਕੇ.ਵੀ.ਕੇ.) ਮਾਨਸਾ ਦਾ ਦੌਰਾ ਕੀਤਾ। ਇਸ ਦੌਰਾਨ ਕਿਸਾਨ-ਕੇਂਦਰਿਤ ਗਤੀਵਿਧੀਆਂ ਦੀ ਸਮੀਖਿਆ ਕੀਤੀ ਗਈ ਅਤੇ ਖੇਤੀ ਪਸਾਰ ਸੇਵਾਵਾਂ ਨੂੰ ਮਜ਼ਬੂਤ ਕਰਨ ਦੀਆਂ ਰਣਨੀਤੀਆਂ ਉੱਤੇ ਚਰਚਾ ਹੋਈ।
ਕੇ.ਵੀ.ਕੇ. ਮਾਨਸਾ ਦੇ ਐਸੋਸੀਏਟ ਡਾਇਰੈਕਟਰ, ਡਾ. ਅਜੀਤਪਾਲ ਸਿੰਘ ਧਾਲੀਵਾਲ ਨੇ ਮਹਿਮਾਨਾਂ ਦਾ ਸਵਾਗਤ ਕੀਤਾ ਅਤੇ ਕੇ.ਵੀ.ਕੇ. ਦੀਆਂ ਗਤੀਵਿਧੀਆਂ, ਪ੍ਰਾਪਤੀਆਂ ਅਤੇ ਚੱਲ ਰਹੇ ਪ੍ਰੋਜੈਕਟਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਉਨ੍ਹਾਂ ਨੇ ਦੱਸਿਆ ਕਿ ਕੇ.ਵੀ.ਕੇ. ਤਕਨੀਕੀ ਮੁਲਾਂਕਣ, ਸੁਧਾਰ ਅਤੇ ਅਗੇਤੀ ਪ੍ਰਦਰਸ਼ਨਾਂ ਰਾਹੀਂ ਫਸਲ ਵਿਭਿੰਨਤਾ, ਪਾਣੀ ਦੀ ਬੱਚਤ, ਮਿੱਟੀ ਸਿਹਤ ਪ੍ਰਬੰਧਨ, ਪੋਸ਼ਣ ਸੁਰੱਖਿਆ, ਬਾਗਬਾਨੀ ਅਤੇ ਮੁੱਲ ਵਧਾਉਣ ਵਾਲੇ ਪ੍ਰੋਜੈਕਟਾਂ ’ਤੇ ਕੰਮ ਕਰ ਰਿਹਾ ਹੈ।
ਡਾ. ਸੁਖਪਾਲ ਸਿੰਘ ਅਤੇ ਡਾ. ਗਰੋਵਰ ਨੇ ਕੇ.ਵੀ.ਕੇ. ਦੇ ਵਿਗਿਆਨੀਆਂ ਤੇ ਸਟਾਫ਼ ਨਾਲ ਵਿਸਥਾਰਪੂਰਵਕ ਗੱਲਬਾਤ ਕੀਤੀ। ਇਸ ਚਰਚਾ ਦਾ ਮੁੱਖ ਕੇਂਦਰ ਰਿਹਾ ਕਿ ਪੰਜਾਬ ਦੀਆਂ ਖੇਤੀ ਪਸਾਰ ਸੇਵਾਵਾਂ ਨੂੰ ਅਮਰੀਕੀ ਮਾਡਲ ਤੋਂ ਸਿੱਖਦਿਆਂ ਕਿਵੇਂ ਹੋਰ ਕਾਰਗਰ ਬਣਾਇਆ ਜਾਵੇ। ਡਾ. ਕੁਲਭੂਸ਼ਣ ਗਰੋਵਰ ਨੇ ਕੇ.ਵੀ.ਕੇ. ਦੇ ਜ਼ਮੀਨੀ ਪੱਧਰ ਦੇ ਪ੍ਰਭਾਵ ਦੀ ਸ਼ਲਾਘਾ ਕੀਤੀ ਅਤੇ ਅਮਰੀਕਾ ਵਿੱਚ ਚੱਲ ਰਹੇ ਕੋਆਪਰੇਟਿਵ ਐਕਸਟੈਂਸ਼ਨ ਮਾਡਲ ਤੇ ਕਮਿਊਨਿਟੀ ਅਧਾਰਿਤ ਪਾਣੀ ਪ੍ਰਬੰਧਨ ਬਾਰੇ ਜਾਣਕਾਰੀ ਸਾਂਝੀ ਕੀਤੀ। ਡਾ. ਸੁਖਪਾਲ ਸਿੰਘ ਨੇ ਪੰਜਾਬ ਦੀਆਂ ਮੌਜੂਦਾ ਐਕਸਟੈਂਸ਼ਨ ਸੇਵਾਵਾਂ ਦੀ ਸਰਾਹਨਾ ਕੀਤੀ ਅਤੇ ਉਨ੍ਹਾਂ ਨੂੰ ਹੋਰ ਸੁਚੇਤ ਤੇ ਤਕਨੀਕੀ-ਆਧਾਰਿਤ ਬਣਾਉਣ ਦੀ ਜ਼ਰੂਰਤ ’ਤੇ ਜ਼ੋਰ ਦਿੱਤਾ।
ਦੌਰੇ ਦਾ ਸਮਾਪਤੀ ਸਮੇਂ ਮਹਿਮਾਨਾਂ ਨੇ ਕੇ.ਵੀ.ਕੇ. ਫਾਰਮ ਦੀਆਂ ਪ੍ਰਦਰਸ਼ਨ ਯੂਨਿਟਾਂ ਅਤੇ ਤਕਨਾਲੋਜੀ ਪਾਰਕ ਦਾ ਦੌਰਾ ਕੀਤਾ ਤੇ ਕਈ ਵਿਵਹਾਰਕ ਤੇ ਭਵਿੱਖ-ਮੁਖੀ ਸੁਝਾਅ ਦਿੱਤੇ। ਉਨ੍ਹਾਂ ਦੀ ਡੂੰਘੀ ਦਿਲਚਸਪੀ, ਰਚਨਾਤਮਕ ਸੁਝਾਅ ਤੇ ਸਹਿਯੋਗ ਦੀ ਇੱਛਾ ਪੰਜਾਬ ਦੇ ਕਿਸਾਨ ਭਾਈਚਾਰੇ ਲਈ ਬਹੁਤ ਹੀ ਸਕਾਰਾਤਮਕ ਤੇ ਉਮੀਦਜਨਕ ਸੰਕੇਤ ਹੈ।
