ਪੀ.ਏ.ਯੂ. ਦੇ ਅਰਥ ਸ਼ਾਸਤਰ ਅਤੇ ਸਮਾਜ ਵਿਗਿਆਨ ਵਿਭਾਗ ਨੇ ਬੀਤੇ ਦਿਨੀਂ ਲੈਸਟਰ ਯੂਨੀਵਰਸਿਟੀ ਬਰਤਾਨੀਆਂ ਦੇ ਅਰਥ ਸ਼ਾਸਤਰੀ ਪ੍ਰੋਫੈਸਰ ਡਾ. ਸਨਜੀਤ ਧਾਮੀ ਦੇ ਵਿਸ਼ੇਸ਼ ਭਾਸ਼ਣ ਕਰਵਾਏ| ਡਾ. ਧਾਮੀ ਬਿਹੇਵੀਅਰਲ ਅਰਥ ਸ਼ਾਸਤਰ ਦੇ ਖੇਤਰ ਵਿਚ ਜਾਣੇ-ਪਛਾਣੇ ਮਾਹਿਰ ਹਨ ਜਿਨ੍ਹਾਂ ਨੇ ਪੂਰੀ ਦੁਨੀਆਂ ਦੀਆਂ ਯੂਨੀਵਰਸਿਟੀਆਂ ਅਤੇ ਸੰਸਥਾਵਾਂ ਵਿਚ ਭਾਸ਼ਣ ਦਿੱਤੇ ਹਨ|
ਉਹਨਾਂ ਨੇ ਸੂਖਮ ਅਰਥ ਸੰਬੰਧਾਂ ਦੀ ਸਮਝ ਬਾਰੇ ਆਪਣਾ ਭਾਸ਼ਣ ਦਿੱਤਾ| ਇਸ ਦੌਰਾਨ ਡਾ. ਧਾਮੀ ਨੇ ਬਿਹੇਵੀਅਰਲ ਅਰਥ ਸ਼ਾਸਤਰ ਦੇ ਮੂਲ ਸਿਧਾਂਤ ਅਤੇ ਖੇਤੀ ਅਰਥ ਸ਼ਾਸਤਰ ਵਿਸ਼ੇ ਤੇ ਇਕ ਹੋਰ ਭਾਸ਼ਣ ਦਿੱਤਾ| ਆਪਣੇ ਭਾਸ਼ਣਾਂ ਵਿਚ ਉਹਨਾਂ ਨੇ ਮਨੁੱਖ ਦੀਆਂ ਭਾਵਨਾਵਾਂ ਦਾ ਉਸਦੇ ਫੈਸਲੇ ਲੈਣ ਦੀ ਸਮਰਥਾ ਉੱਪਰ ਅਸਰ ਅਤੇ ਇਸ ਉੱਪਰ ਪ੍ਰਭਾਵ ਪਾਉਣ ਵਾਲੇ ਸੂਖਮ ਅਰਥ ਸੰਬੰਧਾਂ ਬਾਰੇ ਵਿਸਥਾਰ ਨਾਲ ਗੱਲ ਕੀਤੀ| ਉਹਨਾਂ ਕਿਹਾ ਕਿ ਮਨੁੱਖੀ ਕਦਰਾਂ ਕੀਮਤਾਂ ਦੇ ਸੰਬੰਧ ਵਿਚ ਸਮਾਜਿਕ ਨਿਯਮਾਂ, ਦਬਾਵਾਂ ਅਤੇ ਭਾਵਨਾਵਾਂ ਦਾ ਮਹੱਤਵਪੂਰਨ ਰੋਲ ਹੁੰਦਾ ਹੈ| ਇਸ ਦੌਰਾਨ ਉਹਨਾਂ ਨੇ ਅਰਥ ਸ਼ਾਸਤਰ ਵੱਲੋਂ ਵਿਹਾਰ ਨੂੰ ਨਿਰਧਾਰਤ ਕਰਨ ਵਾਲੇ ਕਾਰਕਾਂ ਬਾਰੇ ਵਿਸਥਾਰ ਨਾਲ ਗੱਲ ਕੀਤੀ|
ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਡਾ. ਸਨਜੀਤ ਧਾਮੀ ਵੱਲੋਂ ਦਿੱਤੇ ਭਾਸ਼ਣਾਂ ਨੂੰ ਪੀ.ਏ.ਯੂ. ਦੇ ਅਮਲੇ ਅਤੇ ਵਿਦਿਆਰਥੀਆਂ ਲਈ ਲਾਹੇਵੰਦ ਕਿਹਾ| ਉਹਨਾਂ ਆਸ ਪ੍ਰਗਟਾਈ ਕਿ ਭਵਿੱਖ ਵਿਚ ਵੀ ਡਾ. ਧਾਮੀ ਵਿਦਿਆਰਥੀਆਂ ਨਾਲ ਜੁੜੇ ਰਹਿਣਗੇ|
ਬੇਸਿਕ ਸਾਇੰਸਜ਼ ਕਾਲਜ ਦੇ ਡੀਨ ਡਾ. ਕਿਰਨ ਬੈਂਸ ਨੇ ਡਾ. ਧਾਮੀ ਲਈ ਸਵਾਗਤ ਦੇ ਸ਼ਬਦ ਕਹੇ| ਅੰਤ ਵਿਚ ਡਾ. ਜਤਿੰਦਰ ਮੋਹਨ ਸਿੰਘ ਮੁਖੀ ਵਿਭਾਗ ਨੇ ਉਹਨਾਂ ਦਾ ਧੰਨਵਾਦ ਕੀਤਾ|
