ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਵਿਖੇ ਅੱਜ ਜਿੰਮਨੇਜ਼ੀਅਮ ਇਮਾਰਤ ਵਿੱਚ ਨਵੇਂ ਤਿਆਰ ਕੀਤੇ ਗਏ ਮਹਿਲਾ ਜਿੰਮ ਦੀ ਸ਼ੁਰੂਆਤ ਕੀਤੀ ਗਈ । ਇਹ ਪ੍ਰੋਜੈਕਟ ਪੰਜਾਬ ਸਰਕਾਰ ਤੋਂ ਪ੍ਰਾਪਤ ਫੰਡਿੰਗ ਨਾਲ ਤਿਆਰ ਕੀਤਾ ਗਿਆ ਹੈ। ਜਿੰਮਨੇਜ਼ੀਅਮ ਇਮਾਰਤ ਵਿੱਚ ਪੁਰਸ਼ਾਂ ਅਤੇ ਮਹਿਲਾਵਾਂ ਲਈ ਵੱਖਰੇ ਵੱਖਰੇ ਜਿੰਮ ਬਣਾਏ ਗਏ ਹਨ, ਜਿਨ੍ਹਾਂ ਵਿੱਚ ਕੁਲ 64 ਆਧੁਨਿਕ ਮਸ਼ੀਨਾਂ ਸਥਾਪਿਤ ਕੀਤੀਆਂ ਗਈਆਂ ਹਨ।
ਇਨ੍ਹਾਂ ਵਿੱਚ 36 ਵਰਕਆਉਟ ਸਟੇਸ਼ਨ ਹਨ ਜਿਨ੍ਹਾਂ ਦੀ ਚੋਣ ਵਿਦਿਆਰੀਥਾਂ ਦੇ ਵੱਖ-ਵੱਖ ਫਿਟਨੈੱਸ ਲਕਸ਼ਾਂ ਨੂੰ ਧਿਆਨ ਵਿੱਚ ਰੱਖ ਕੇ ਕੀਤੀ ਗਈ ਹੈ। ਇਨ੍ਹਾਂ ਵਿੱਚ 8 ਕਾਰਡੀਓ ਮਸ਼ੀਨਾਂ, 13 ਅੱਪਰ ਬਾਡੀ ਸਟ੍ਰੈਂਥ ਲਈ, 9 ਲੋਅਰ ਬਾਡੀ ਲਈ, 4 ਕੋਰ ਅਤੇ ਬੈਕ ਟ੍ਰੇਨਿੰਗ ਲਈ ਅਤੇ 2 ਸਟ੍ਰੈਚਿੰਗ ਮਸ਼ੀਨਾਂ ਉਪਲੱਬਧ ਹਨ। ਇਹ ਸਹੂਲਤ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਸੰਤੁਲਿਤ ਫਿਟਨੈੱਸ ਰੁਟੀਨ ਵੱਲ ਉਤਸ਼ਾਹਿਤ ਕਰੇਗੀ।
ਅੱਜ ਸਵੇਰੇ ਮਹਿਲਾ ਜਿੰਮ ਦਾ ਪਹਿਲਾ ਸੈਸ਼ਨ ਨਵੀਂ ਨਿਯੁਕਤ ਟ੍ਰੇਨਰ ਸਹਜਪ੍ਰੀਤ ਕੌਰ ਦੀ ਉਪਸਥਿਤੀ ਹੇਠ ਆਰੰਭ ਹੋਇਆ, ਜਿਸ ਵਿੱਚ ਕਰੀਬ 40 ਲੜਕੀਆਂ ਨੇ ਭਾਗ ਲਿਆ। ਇਸ ਸੈਸ਼ਨ ਦੌਰਾਨ ਉਨ੍ਹਾਂ ਨੂੰ ਜਿੰਮ ਮਸ਼ੀਨਾਂ ਦੇ ਸਹੀ ਅਤੇ ਸੁਰੱਖਿਅਤ ਇਸਤੇਮਾਲ ਬਾਰੇ ਜਾਣੂ ਕਰਵਾਇਆ ਗਿਆ।
ਵਾਇਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਵਿਦਿਆਰਥੀਆਂ ਨੂੰ ਨਿਯਮਿਤ ਕਸਰਤ ਨੂੰ ਆਪਣੀ ਰੋਜਮਰਾ ਜ਼ਿੰਦਗੀ ਦਾ ਹਿੱਸਾ ਬਣਾਉਣ ਦੀ ਪ੍ਰੇਰਣਾ ਦਿੱਤੀ। ਉਹਨਾਂ ਕਿਹਾ ਕੇ ਕਸਰਤ ਧਿਆਨ ਕੇਂਦਰਿਤ ਕਰਨ, ਮਨੋਦਸ਼ਾ ਨੂੰ ਸੰਤੁਲਿਤ ਰੱਖਣ ਅਤੇ ਅਕਾਦਮਿਕ ਦਬਾਅ ਦਾ ਸਾਹਮਣਾ ਕਰਨ ਵਿੱਚ ਮਦਦਗਾਰ ਹੁੰਦੀ ਹੈ। ਉਨ੍ਹਾਂ ਸਿਹਤਮੰਦ ਖੁਰਾਕ ਨੂੰ ਵੀ ਮਹੱਤਵਪੂਰਨ ਕਰਾਰ ਦਿੱਤਾ।
ਰਜਿਸਟਰਾਰ ਡਾ. ਰਿਸ਼ੀ ਪਾਲ ਸਿੰਘ (IAS) ਨੇ ਕਿਹਾ ਕਿ ਨਵੀਂ ਜਿੰਮ ਸਹੂਲਤ ਸਰਕਾਰ ਵੱਲੋਂ ਵਿਦਿਆਰਥੀ ਕਲਿਆਣ ਲਈ ਕੀਤਾ ਗਿਆ ਇੱਕ ਮਹੱਤਵਪੂਰਨ ਨਿਵੇਸ਼ ਹੈ। ਡਾਇਰੈਕਟਰ ਸਟੂਡੈਂਟਸ ਵੈਲਫੇਅਰ ਡਾ. ਨਿਰਮਲ ਸਿੰਘ ਜੌੜਾ ਨੇ ਕਿਹਾ ਕਿ ਇਹਨਾਂ ਆਧੁਨਿਕ ਮਸ਼ੀਨਾਂ ਨਾਲ ਵਿਦਿਆਰਥੀਆਂ ਨੂੰ ਵਿਗਿਆਨਕ ਟ੍ਰੇਨਿੰਗ ਅਤੇ ਸਰੀਰਕ ਤੰਦਰੁਸਤੀ ਨੂੰ ਵਧਾਉਣ ਲਈ ਆਤਮ ਵਿਸ਼ਵਾਸ਼ ਮਿਲੇਗਾ।
ਕਾਲਜ ਆਫ ਕਮਿਊਨਿਟੀ ਸਾਇੰਸ ਦੀ ਡੀਨ ਡਾ. ਕਿਰਨ ਬੈਂਸ ਨੇ ਕਿਹਾ ਕਿ ਸ਼ਰੀਰਿਕ ਸਰਗਰਮੀ ਨਾਲ ਸਰੀਰ ਦੇ ਨਾਲ ਨਾਲ ਮਾਨਸਿਕ ਤਾਕਤ ਵੀ ਵਿਕਸਤ ਹੁੰਦੀ ਹੈ। ਜੁਆਇੰਟ ਡਾਇਰੈਕਟਰ ਸਟੂਡੈਂਟਸ ਵੈਲਫੇਅਰ
ਡਾ. ਕਮਲਜੀਤ ਸਿੰਘ ਸੂਰੀ ਨੇ ਇਸ ਪ੍ਰੋਜੈਕਟ ਨੂੰ ਸਫ਼ਲ ਬਣਾਉਣ ਲਈ ਯੋਗਦਾਨ ਪਾਉਣ ਵਾਲਿਆਂ ਦਾ ਧੰਨਵਾਦ ਕੀਤਾ।
ਇਸ ਮੌਕੇ ਸਰੀਰਕ ਸਿੱਖਿਆ ਵਿਭਾਗ ਦੇ ਅਧਿਕਾਰੀ ਅਤੇ ਕੋਚ ਸਾਹਿਬਨ ਵੀ ਹਾਜਰ ਸਨ। ਪੁਰਸ਼ਾਂ ਦੀ ਜਿੰਮ ਸਹੂਲਤ ਟ੍ਰੇਨਰ ਦੀ ਨਿਯੁਕਤੀ ਉਪਰੰਤ ਜਲਦੀ ਚਾਲੂ ਕੀਤੀ ਜਾਵੇਗੀ।
