ਪੀ.ਏ.ਯੂ. ਨੇ ਆਪਣੀਆਂ ਅਕਾਦਮਿਕ ਗਤੀਵਿਧੀਆਂ ਨੂੰ ਹੋਰ ਮਿਆਰੀ ਅਤੇ ਸੰਸਾਰ ਪੱਧਰੀ ਬਨਾਉਣ ਲਈ ਦੁਨੀਆਂ ਦੇ ਮਹਾਨਤਮ ਖੇਤੀ ਵਿਗਿਆਨੀਆਂ ਵਿਜ਼ਟਿੰਗ ਪ੍ਰੋਫੈਸਰਾਂ ਦੇ ਤੌਰ ਤੇ ਯੂਨੀਵਰਸਿਟੀ ਨਾਲ ਜੋੜਿਆ ਹੈ| ਇਹਨਾਂ ਵਿਚ ਬਹੁਤ ਸਾਰੇ ਪੀ.ਏ.ਯੂ. ਦੇ ਸਾਬਕਾ ਵਿਦਿਆਰਥੀ, ਸਾਬਕਾ ਵਿਗਿਆਨੀ ਜਾਂ ਲੰਮੇ ਸਮੇਂ ਤੋਂ ਸਾਂਝੀਦਾਰ ਰਹੇ ਹਨ| ਆਪਣੀ ਸਥਾਪਨਾ ਤੋਂ ਹੀ ਦੇਸ਼ ਭਰ ਦੀ ਸਰਕਰਦਾ ਯੂਨੀਵਰਸਿਟੀ ਰਹੀ ਪੀ.ਏ.ਯੂ. ਰਾਸ਼ਟਰੀ ਪੱਧਰ ਤੇ ਲਗਾਤਾਰ ਤਿੰਨ ਸਾਲ ਸਰਵੋਤਮ ਰੈਂਕਿੰਗ ਹਾਸਲ ਕਰਦੀ ਆ ਰਹੀ ਹੈ| ਇਹਨਾਂ ਵਿਗਿਆਨੀਆਂ ਦੇ ਤਜਰਬਿਆਂ ਤੋਂ ਲਾਭ ਲੈ ਕੇ ਯੂਨੀਵਰਸਿਟੀ ਦੇ ਅਕਾਦਮਿਕ ਮਾਹੌਲ ਵਿਚ ਹੋਰ ਗੁਣਵੱਤਾ ਅਤੇ ਉਚਾਈ ਦੀ ਆਸ ਕੀਤੀ ਜਾ ਸਕਦੀ ਹੈ| ਇਹਨਾਂ ਵਿਜ਼ਟਿੰਗ ਪ੍ਰੋਫੈਸਰਾਂ ਦੀ ਸੂਚੀ ਵਿਚ ਵਿਸ਼ਵ ਭੋਜਨ ਪੁਰਸਕਾਰ ਜਿੱਤਣ ਵਾਲੇ ਤਿੰਨ ਵਿਗਿਆਨੀ ਡਾ. ਗੁਰਦੇਵ ਸਿੰਘ ਖੁਸ਼, ਡਾ. ਰਤਨ ਲਾਲ ਅਤੇ ਡਾ. ਐੱਸ ਕੇ ਵਾਸਲ ਵੀ ਸ਼ਾਮਿਲ ਹਨ|
ਇਸ ਸੰਬੰਧੀ ਹੋਰ ਜਾਣਕਾਰੀ ਦਿੰਦਿਆਂ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਦੱਸਿਆ ਕਿ ਪੀ.ਏ.ਯੂ. ਆਪਣੀ ਸਰਵ ਉੱਚਤਾ ਬਰਕਰਾਰ ਰੱਖਣ ਅਤੇ ਆਪਣੇ ਵਿਦਿਆਰਥੀਆਂ ਵਿੱਚੋਂ ਭਵਿੱਖ ਦੇ ਖੇਤੀ ਵਿਗਿਆਨੀ ਤਲਾਸ਼ਣ ਲਈ ਹਰ ਸੰਭਵ ਯਤਨ ਕਰ ਰਹੀ ਹੈ| ਇਸੇ ਦਿਸ਼ਾ ਵਿਚ ਦੁਨੀਆਂ ਦੇ ਮਹਾਨਤਮ ਖੇਤੀ ਵਿਗਿਆਨੀਆਂ ਦੀ ਸੇਵਾਵਾਂ ਵਿਜ਼ਟਿੰਗ ਪ੍ਰੋਫੈਸਰ ਦੇ ਤੌਰ ਤੇ ਲਈਆਂ ਜਾ ਰਹੀਆਂ ਹਨ| ਇਹ ਵਿਗਿਆਨੀ ਯੂਨੀਵਰਸਿਟੀ ਦੇ ਮੌਜੂਦਾ ਵਿਦਿਆਰਥੀਆਂ ਲਈ ਆਦਰਸ਼ ਤਾਂ ਬਣਨਗੇ ਹੀ ਇਹਨਾਂ ਦੇ ਅਨੁਭਵ ਅਤੇ ਖੋਜ ਪ੍ਰਤੀ ਸਮਰਪਣ ਵਿਦਿਆਰਥੀਆਂ ਲਈ ਚਾਨਣ ਮੁਨਾਰਾ ਸਾਬਿਤ ਹੋਣਗੇ| ਉਹਨਾਂ ਕਿਹਾ ਕਿ ਪੀ.ਏ.ਯੂ. ਸੰਸਾਰ ਪੱਧਰ ਦੇ ਨਵੀਨਤਮ ਖੇਤੀ ਗਿਆਨ-ਵਿਗਿਆਨ ਨੂੰ ਆਪਣੇ ਵਿਦਿਆਰਥੀਆਂ ਤੱਕ ਪਹੁੰਚਾਉਣ ਲਈ ਵਚਨਬੱਧ ਹੈ ਅਤੇ ਵਿਸ਼ਵ ਭੋਜਨ ਪੁਰਸਕਾਰ ਜੇਤੂ ਵਿਗਿਆਨੀਆਂ ਦੀ ਮੌਜੂਦਗੀ ਇਸ ਕਥਨ ਦੀ ਪ੍ਰਮਾਣਿਕਤਾ ਸਿੱਧ ਕਰਦੀ ਹੈ| ਨਾਲ ਹੀ ਡਾ. ਗੋਸਲ ਨੇ ਦੱਸਿਆ ਕਿ ਯੂਨੀਵਰਸਿਟੀ ਹਰ ਵਿਜ਼ਟਿੰਗ ਪ੍ਰੋਫੈਸਰ ਨੂੰ ਲੈਕਚਰ, ਵਿਚਾਰ-ਵਟਾਂਦਰਾ ਅਤੇ ਨਿੱਜੀ ਦੌਰਿਆਂ ਦੌਰਾਨ ਵਿਦਿਆਰਥੀਆਂ ਦੀ ਅਗਵਾਈ ਦਾ ਮੌਕਾ ਦੇਵੇਗੀ| ਇਸ ਤੋਂ ਇਲਾਵਾ ਆਨਲਾਈਨ ਸੈਸ਼ਨਾਂ ਦੌਰਾਨ ਵੀ ਇਹਨਾਂ ਪੋ੍ਰਫੈਸਰਾਂ ਦੇ ਗਿਆਨ ਦਾ ਲਾਭ ਲਿਆ ਜਾਵੇਗਾ| ਡਾ. ਗੋਸਲ ਨੇ ਇਸ ਪ੍ਰਸੰਗ ਵਿਚ ਇਕ ਸੂਚੀ ਵੀ ਪੇਸ਼ ਕੀਤੀ ਜਿਸ ਵਿਚ ਸ਼ਾਮਿਲ ਪ੍ਰੋਫੈਸਰ ਯੂਨੀਵਰਸਿਟੀ ਵੱਲੋਂ ਵਿਜ਼ਟਿੰਗ ਫੈਕਲਟੀ ਦੇ ਤੌਰ ਤੇ ਸ਼ਾਮਿਲ ਕੀਤੇ ਗਏ ਹਨ|
o ਡਾ. ਗੁਰਦੇਵ ਸਿੰਘ ਖੁਸ਼, ਫਸਲ ਸੁਧਾਰ, ਕੈਲੀਫੋਰਨੀਆ ਯੂਨੀਵਰਸਿਟੀ, ਡੇਵਿਸ, ਅਮਰੀਕਾ
o ਡਾ. ਬਿਕਰਮ ਗਿੱਲ, ਫਸਲ ਸੁਧਾਰ, ਕੈਨਸਸ ਸਟੇਟ ਯੂਨੀਵਰਸਿਟੀ, ਅਮਰੀਕਾ
o ਡਾ. ਬਿੰਗ ਯਾਂਗ, ਬਾਇਓਟੈਕਨਾਲੋਜੀ, ਯੂਨੀਵਰਸਿਟੀ ਆਫ ਮਿਸੂਰੀ, ਅਮਰੀਕਾ
o ਡਾ. ਹਰਜਿੰਦਰ ਸਿੰਘ, ਭੋਜਨ ਤਕਨਾਲੋਜੀ, ਮੈਸੀ ਯੂਨੀਵਰਸਿਟੀ, ਨਿਊਜੀਲੈਂਡ
o ਡਾ. ਸੁਖਿੰਦਰ ਚੀਮਾ, ਬਾਇਓਕੈਮਿਸਟਰੀ, ਮੈਮੋਰੀਅਲ ਯੂਨੀਵਰਸਿਟੀ ਆਫ ਨਿਊਫਾਊਂਡਲੈਂਡ, ਕੈਨੇਡਾ
o ਡਾ. ਮਨਜੀਤ ਸਿੰਘ ਛਿਨਨ, ਫੂਡ ਪ੍ਰੋਸੈਸਿੰਗ ਅਤੇ ਫੂਡ ਇੰਜੀਨੀਅਰਿੰਗ, ਯੂਨੀਵਰਸਿਟੀ ਆਫ ਜਾਰਜੀਆ, ਅਮਰੀਕਾ
o ਡਾ. ਕੇ. ਵੀਰਾਂਜਨੇਯੂਲੂ, ਲਾਇਬ੍ਰੇਰੀ ਸਾਇੰਸਜ, ਨੈਸਨਲ ਇੰਸਟੀਚਿਊਟ ਆਫ ਟੈਕਨਾਲੋਜੀ, ਵਾਰੰਗਲ, ਭਾਰਤ
o ਡਾ. ਰਾਜਿੰਦਰ ਰਾਣੂ, ਬਾਇਓਟੈਕਨਾਲੋਜੀ ਅਤੇ ਮੋਲੀਕਿਊਲਰ ਬਾਇਓਲੋਜੀ, ਕੋਲੋਰਾਡੋ ਸਟੇਟ ਯੂਨੀਵਰਸਿਟੀ, ਅਮਰੀਕਾ
o ਡਾ. ਜ਼ੋਰਾ ਸਿੰਘ, ਬਾਗਬਾਨੀ ਵਿਗਿਆਨ, ਐਡਿਥ ਕੋਵਾਨ ਯੂਨੀਵਰਸਿਟੀ, ਆਸਟ੍ਰੇਲੀਆ
o ਡਾ. ਜਸਵਿੰਦਰ ਸਿੰਘ, ਮੋਲੀਕਿਊਲਰ ਬ੍ਰੀਡਿੰਗ, ਮੈਕਗਿਲ ਯੂਨੀਵਰਸਿਟੀ, ਕੈਨੇਡਾ
o ਡਾ. ਕੁਲਵਿੰਦਰ ਸਿੰਘ ਗਿੱਲ, ਫਸਲ ਸੁਧਾਰ, ਵਾਸੰਿਗਟਨ ਸਟੇਟ ਯੂਨੀਵਰਸਿਟੀ, ਅਮਰੀਕਾ
o ਡਾ. ਸੁਖਵਿੰਦਰ ਸਿੰਘ, ਫਸਲ ਸੁਧਾਰ ਅਤੇ ਜਰਮਪਲਾਜਮ ਪ੍ਰਬੰਧਨ, ਯੂਐਸਡੀਏ-ਏਆਰਐਸ, ਯੂਐਸਏ
o ਡਾ. ਤਲਵਿੰਦਰ ਕਾਹਲੋਂ, ਬਾਇਓਕੈਮਿਸਟਰੀ, ਯੂਐਸਡੀਏ-ਏਆਰਐਸ, ਅਬਨੀ, ਯੂਐਸਏ
o ਡਾ. ਰਤਨ ਲਾਲ, ਮਿੱਟੀ ਵਿਗਿਆਨ, ਓਹੀਓ ਸਟੇਟ ਯੂਨੀਵਰਸਿਟੀ, ਯੂਐਸਏ
o ਪ੍ਰੋਫੈਸਰ ਸੰਜੀਤ ਧਾਮੀ, ਅਰਥ ਸਾਸਤਰ, ਲੈਸਟਰ ਯੂਨੀਵਰਸਿਟੀ, ਯੂਨਾਈਟਿਡ ਕਿੰਗਡਮ
o ਡਾ. ਅਮਨਜੋਤ ਸਿੰਘ, ਮਿੱਟੀ ਅਤੇ ਪਾਣੀ ਇੰਜੀਨੀਅਰਿੰਗ, ਗੁਏਲਫ ਯੂਨੀਵਰਸਿਟੀ, ਕੈਨੇਡਾ
o ਡਾ. ਕੰਵਰਪਾਲ ਐਸ. ਧੁੱਗਾ, ਫਸਲ ਸੁਧਾਰ, ਮੈਕਸੀਕੋ
o ਡਾ. ਐਸ.ਕੇ. ਵਾਸਲ, ਫਸਲ ਸੁਧਾਰ, ਨਵੀਂ ਦਿੱਲੀ, ਭਾਰਤ
o ਡਾ. ਜੀ.ਐਸ. ਵਾਂਡਰ, ਸਿਹਤ ਵਿਗਿਆਨ ਅਤੇ ਕਾਰਡੀਓਲੋਜੀ, ਡੀਐਮਸੀ ਅਤੇ ਹਸਪਤਾਲ, ਲੁਧਿਆਣਾ
o ਡਾ. ਬਿਸਵ ਮੋਹਨ, ਸਿਹਤ ਵਿਗਿਆਨ ਅਤੇ ਕਾਰਡੀਓਲੋਜੀ, ਡੀਐਮਸੀ ਅਤੇ ਹਸਪਤਾਲ, ਲੁਧਿਆਣਾ
o ਪ੍ਰੋਫੈਸਰ ਦਿਲਪ੍ਰੀਤ ਸਿੰਘ ਬਾਜਵਾ, ਇੰਜੀਨੀਅਰਿੰਗ, ਮੋਂਟਾਨਾ ਸਟੇਟ ਯੂਨੀਵਰਸਿਟੀ, ਯੂਐਸਏ
o ਡਾ. ਸਰਜਿੰਦਰ ਸਿੰਘ, ਗਣਿਤ ਅਤੇ ਅੰਕੜਾ, ਟੈਕਸਾਸ ਏ ਅਤੇ ਐਮ ਯੂਨੀਵਰਸਿਟੀ, ਯੂਐਸਏ
