ਬੀਤੇ ਦਿਨੀਂ ਪੀ.ਏ.ਯੂ. ਦੇ ਡਾ. ਖੇਮ ਸਿੰਘ ਗਿੱਲ ਕਿਸਾਨ ਸਲਾਹਕਾਰ ਸੇਵਾ ਕੇਂਦਰ ਵਿਖੇ ਹੋਏ ਇਕ ਵਿਸ਼ੇਸ਼ ਸਮਾਰੋਹ ਦੌਰਾਨ ਪੀ ਐੱਮ ਕਿਸਾਨ ਸਨਮਾਨ ਨਿਧੀ ਯੋਜਨਾ ਦੀ 21ਵੀਂ ਕਿਸ਼ਤ ਜਾਰੀ ਕਰਨ ਦਾ ਆਨਲਾਈਨ ਪ੍ਰਦਰਸ਼ਨ ਹੋਇਆ| ਇਹ ਸਮਾਰੋਹ ਤਾਮਿਲਨਾਡੂ ਦੇ ਕੋਇੰਬਟੂਰ ਤੋਂ ਦੇਸ਼ ਦੀਆਂ ਖੇਤੀ ਯੂਨੀਵਰਸਿਟੀਆਂ ਅਤੇ ਕ੍ਰਿਸ਼ੀ ਵਿਗਿਆਨ ਕੇਂਦਰਾਂ ਵਿਚ ਸਿੱਧਾ ਪ੍ਰਸਾਰਿਤ ਕੀਤਾ ਗਿਆ| 164 ਦੇ ਕਰੀਬ ਕਿਸਾਨਾਂ ਨੇ ਇਸ ਸਮਾਰੋਹ ਵਿਚ ਭਾਗ ਲੈ ਕੇ ਹਾੜ੍ਹੀ ਦੀ ਫਸਲਾਂ ਸੰਬੰਧੀ ਮਾਹਿਰਾਂ ਨਾਲ ਗੱਲਬਾਤ ਕੀਤੀ|
ਵਧੀਕ ਨਿਰਦੇਸ਼ਕ ਪਸਾਰ ਸਿੱਖਿਆ ਡਾ. ਤਰਸੇਮ ਸਿੰਘ ਢਿੱਲੋਂ ਨੇ ਛੋਟੇ ਅਤੇ ਦਰਮਿਆਨੇ ਕਿਸਾਨਾਂ ਲਈ ਪੀ ਐੱਮ ਕਿਸਾਨ ਨਿਧੀ ਯੋਜਨਾ ਦੇ ਲਾਭ ਗਿਣਾਏ| ਉਹਨਾਂ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਯੂਨੀਵਰਸਿਟੀ ਦੀਆਂ ਸਿਫ਼ਾਰਸ਼ਾਂ ਅਨੁਸਾਰ ਵਿਗਿਆਨਕ ਖੇਤੀ ਨਾਲ ਭਾਰਤ ਸਰਕਾਰ ਨਾਲ ਜੁੜ ਕੇ ਵਾਤਾਵਰਨ ਦੀ ਸੰਭਾਲ ਅਤੇ ਮੁਨਾਫ਼ੇਯੋਗ ਖੇਤੀਬਾੜੀ ਵਿਚਕਾਰ ਸੁਮੇਲ ਸਥਾਪਿਤ ਕਰਨ| ਉਹਨਾਂ ਨੇ ਪੀ.ਏ.ਯੂ. ਵੱਲੋਂ ਅਪਣਾਈਆਂ ਗਈਆਂ ਨਵੀਆਂ ਪਸਾਰ ਗਤੀਵਿਧੀਆਂ ਉੱਪਰ ਚਾਨਣਾ ਪਾਉਂਦਿਆਂ ਹਾੜ੍ਹੀ ਦੀਆਂ ਫਸਲਾਂ ਲਈ ਪਾਣੀ ਬਚਾਉ ਤਕਨੀਕਾਂ, ਸੰਯੁਕਤ ਕੀਟ ਪ੍ਰਬੰਧਨ ਅਤੇ ਫਸਲੀ ਵਿਭਿੰਨਤਾ ਵਿਧੀਆਂ ਬਾਰੇ ਗੱਲ ਕੀਤੀ| ਇਸ ਤਕਨੀਕੀ ਸੈਸ਼ਨ ਨੂੰ ਡਾ. ਗੁਰਪ੍ਰੀਤ ਸਿੰਘ ਮੱਕੜ, ਡਾ. ਸਿਮਰਜੀਤ ਕੌਰ, ਡਾ. ਰਵਿੰਦਰ ਚੰਦੀ, ਡਾ. ਉਪਿੰਦਰ ਸੰਧੂ ਅਤੇ ਡਾ. ਰੂਮਾ ਦੇਵੀ ਨੇ ਵੀ ਸੰਬੋਧਨ ਕੀਤਾ| ਕਿਸਾਨਾਂ ਨੇ ਆਪਣੀਆਂ ਖੇਤੀ ਦਿੱਕਤਾਂ ਬਾਰੇ ਮਾਹਿਰਾਂ ਨਾਲ ਵਿਚਾਰ-ਚਰਚਾ ਕੀਤੀ|
