Menu

ਪੰਜਾਬ ਖੇਤੀਬਾੜੀ ਯੂਨੀਵਰਸਿਟੀ
PUNJAB AGRICULTURAL UNIVERSITY

Menu

ਪੀ.ਏ.ਯੂ.-ਕ੍ਰਿਸ਼ੀ ਵਿਗਿਆਨ ਕੇਂਦਰ, ਸੰਗਰੂਰ ਵੱਲੋਂ ਪਰਾਲੀ ਪ੍ਰਬੰਧਨ ਪ੍ਰੋਜੈਕਟ ਅਧੀਨ ਜ਼ਿਲ੍ਹਾ ਪੱਧਰੀ ਕੈਂਪ ਦਾ ਆਯੋਜਨ

ਨਿਰਦੇਸ਼ਕ ਪਸਾਰ ਸਿੱਖਿਆ, ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਅਤੇ ਡਾਇਰੈਕਟਰ, ਆਈ.ਸੀ.ਏ.ਆਰ.- ਅਟਾਰੀ, ਜ਼ੋਨ 1, ਲੁਧਿਆਣਾ ਦੀ ਅਗਵਾਈ ਵਿੱਚ ਕ੍ਰਿਸ਼ੀ ਵਿਗਿਆਨ ਕੇਂਦਰ, ਸੰਗਰੂਰ ਵੱਲੋਂ ਪਰਾਲੀ ਪ੍ਰਬੰਧਨ ਪ੍ਰੋਜੈਕਟ ਅਧੀਨ ਜ਼ਿਲ੍ਹਾ ਪੱਧਰੀ ਕੈਂਪ ਦਾ ਆਯੋਜਨ ਕ੍ਰਿਸ਼ੀ ਵਿਗਿਆਨ ਕੇਂਦਰ ਦੇ ਕੈਂਪਸ ਵਿਖੇ ਕੀਤਾ ਗਿਆ। ਜਿਸ ਵਿੱਚ ਜ਼ਿਲ੍ਹਾ ਸੰਗਰੂਰ ਦੇ ਵੱਖ-ਵੱਖ ਬਲਾਕਾਂ ਦੇ 158 ਕਿਸਾਨਾਂ ਨੇ ਭਾਗ ਲਿਆ। ਇਸ ਕੈਂਪ ਮੌਕੇ ਡਾ. ਮਨਦੀਪ ਸਿੰਘ, ਇੰਚਾਰਜ, ਕ੍ਰਿਸ਼ੀ ਵਿਗਿਆਨ ਕੇਂਦਰ, ਸੰਗਰੂਰ ਨੇ ਕਿਸਾਨਾਂ ਨੂੰ ਝੋਨੇ ਦੀ ਪਰਾਲੀ ਖੇਤ ਵਿੱਚ ਸਾਂਭਣ ਵਾਲੀਆਂ ਤਕਨੀਕਾਂ ਅਪਣਾਉਣ ਲਈ ਪ੍ਰੇਰਿਤ ਕੀਤਾ। ਉਹਨਾਂ ਕਿਹਾ ਕਿ ਝੋਨੇ ਦੀ ਪਰਾਲੀ ਨੂੰ ਅੱਗ ਲਾ ਕੇ ਸਾੜਨ ਦੀ ਬਜਾਏ ਖੇਤ ਵਿੱਚ ਮਿਲਾਉਣ ਨਾਲ ਜ਼ਮੀਨ ਦੀ ਉਪਜਾਊ ਸ਼ਕਤੀ ਵਿੱਚ ਵਾਧਾ ਹੁੰਦਾ ਹੈ ਅਤੇ ਹਵਾ ਪ੍ਰਦੂਸ਼ਣ ਤੋਂ ਵੀ ਬਚਾਅ ਹੁੰਦਾ ਹੈ। ਇਸ ਤੋਂ ਇਲਾਵਾ ਉਹਨਾਂ ਕ੍ਰਿਸ਼ੀ ਵਿਗਿਆਨ ਕੇਂਦਰ ਦੀਆਂ ਵੱਖ-ਵੱਖ ਗਤੀਵਿਧੀਆਂ, ਸਹਾਇਕ ਧੰਦਿਆਂ ਅਤੇ ਖੇਤੀ ਫਾਰਮ ਦਾ ਹਿਸਾਬ-ਕਿਤਾਬ ਰੱਖਣ ਬਾਰੇ ਵੀ ਜਾਣਕਾਰੀ ਦਿੱਤੀ। ਉਹਨਾਂ ਕਣਕ ਦੀਆਂ ਵਿਸ਼ੇਸ਼ ਗੁਣਵੱਤਾ ਵਾਲੀਆਂ ਕਿਸਮਾਂ, ਕਣਕ ਵਿੱਚ ਗੁਲਾਬੀ ਸੁੰਡੀ ਦੇ ਹਮਲੇ ਦੀ ਰੋਕਥਾਮ ਅਤੇ ਕਣਕ ਵਿੱਚ ਪੀਲੇਪਣ ਦੇ ਕਾਰਣਾਂ ਬਾਰੇ ਵੀ ਜਾਣਕਾਰੀ ਦਿੱਤੀ।

ਡਾ ਸੁਨੀਲ ਕੁਮਾਰ, ਸਹਾਇਕ ਪ੍ਰੋਫੈਸਰ (ਖੇਤੀਬਾੜੀ ਇੰਜੀਨੀਅਰਿੰਗ) ਨੇ ਪਰਾਲੀ ਪ੍ਰਬੰਧਨ ਵਾਲੀ ਖੇਤੀ ਮਸ਼ੀਨਰੀ ਦੀ ਸੁਚੱਜੀ ਵਰਤੋਂ ਕਰਨ ਸੰਬੰਧੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਉਹਨਾਂ ਕਿਹਾ ਕਿ ਕਿਸਾਨ ਵੀਰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਸਿਫਾਰਸ਼ ਤਕਨੀਕਾਂ ਚੋਂ ਕੋਈ ਵੀ ਤਕਨੀਕ ਅਪਣਾ ਕੇ ਪਰਾਲੀ ਨੂੰ ਖੇਤ ਵਿੱਚ ਹੀ ਸੰਭਾਲ ਸਕਦੇ ਹਨ।

ਡਾ ਰਵਿੰਦਰ ਕੌਰ, ਸਹਾਇਕ ਪ੍ਰੋਫੈਸਰ (ਬਾਗਬਾਨੀ) ਨੇ ਖੇਤੀ ਵਿੱਚ ਫ਼ਸਲੀ- ਵਿਭਿੰਨਤਾ ਲਈ ਸਬਜ਼ੀਆਂ ਦੀ ਭੂਮਿਕਾ ਬਾਰੇ ਜਾਣਕਾਰੀ ਸਾਂਝੀ ਕੀਤੀ। ਉਹਨਾਂ ਕਿਸਾਨਾਂ ਨੂੰ ਹਰੀ ਮਿਰਚ ਦੀ ਅਗੇਤੀ ਕਿਸਮ ਸੀ ਐਚ 52 ਅਤੇ ਖ਼ਰਬੂਜੇ ਅਤੇ ਤਰਬੂਜ਼ ਦੀਆਂ ਨਵੀਆਂ ਕਿਸਮਾਂ ਬਾਰੇ ਵੀ ਜਾਣਕਾਰੀ ਦਿੱਤੀ।

ਡਾ. ਰੁਕਿੰਦਰ ਪ੍ਰੀਤ ਸਿੰਘ, ਸਹਾਇਕ ਪ੍ਰੋਫੈਸਰ (ਫ਼ਸਲ ਵਿਗਿਆਨ) ਨੇ ਕਿਸਾਨਾਂ ਨਾਲ ਕਣਕ ਵਿੱਚ ਨਦੀਨ ਪ੍ਰਬੰਧਨ ਅਤੇ ਖਾਦਾਂ ਦੀ ਸੁਚੱਜੀ ਵਰਤੋਂ ਬਾਰੇ ਜਾਣਕਾਰੀ ਸਾਂਝੀ ਕੀਤੀ। ਉਹਨਾਂ ਕਿਸਾਨਾਂ ਨੂੰ ਕਣਕ ਦੀ ਬਿਜਾਈ ਮੌਕੇ, ਪਹਿਲੀ ਸਿੰਚਾਈ ਤੋਂ ਪਹਿਲਾਂ ਅਤੇ ਪਹਿਲੀ ਸਿੰਚਾਈ ਤੋਂ ਬਾਅਦ ਵਿੱਚ ਵਰਤੇ ਜਾਣ ਵਾਲੇ ਨਦੀਨਨਾਸ਼ਕਾਂ ਬਾਰੇ ਬਹੁਤ ਵਿਸਥਾਰ ਵਿੱਚ ਦੱਸਿਆ। ਇਸ ਤੋਂ ਇਲਾਵਾ ਉਹਨਾਂ ਨੇ ਕਣਕ ਦੀ ਫਸਲ ਵਿੱਚ ਆਉਣ ਵਾਲੇ  ਲਘੂ ਤੱਤਾਂ ਦੀ ਘਾਟ ਅਤੇ ਇਹਨਾਂ ਦੀ ਪੂਰਤੀ ਸੰਬੰਧੀ ਵੀ ਜਾਣਕਾਰੀ ਦਿੱਤੀ।

ਮੈਡਮ ਅਮਰਪ੍ਰੀਤ ਕੌਰ, ਪ੍ਰੋਗਰਾਮ ਸਹਾਇਕ (ਲੈਬ ਟੈਕਨੀਸ਼ੀਅਨ) ਨੇ ਮਿੱਟੀ ਅਤੇ ਪਾਣੀ ਪਰਖ ਦੀ ਮਹੱਤਤਾ ਅਤੇ ਮਿੱਟੀ ਅਤੇ ਪਾਣੀ ਦੀ ਜਾਂਚ ਲਈ ਦੇ ਨਮੂਨੇ ਲੈਣ ਦੇ ਢੰਗ ਬਾਰੇ ਜਾਣਕਾਰੀ ਦਿੱਤੀ।

ਸ਼੍ਰੀ ਮੁਕੇਸ਼ ਗੁਪਤਾ, ਵੈਟਨਰੀ ਅਫਸਰ, ਸੰਗਰੂਰ ਨੇ ਪਸ਼ੂਆਂ ਦੇ ਨਸਲ ਸੁਧਾਰ, ਟੀਕਾਕਰਨ ਅਤੇ ਪਸ਼ੂਆਂ ਦੀਆਂ ਬਿਮਾਰੀਆਂ ਦੀ ਰੋਕਥਾਮ ਬਾਰੇ ਜਾਣਕਾਰੀ ਦਿੱਤੀ।

ਡਾ ਵਿਤਸਤਾ, ਸਹਾਇਕ ਪ੍ਰੋਫੈਸਰ (ਗ੍ਰਹਿ ਵਿਗਿਆਨ) ਨੇ ਕੇ.ਵੀ.ਕੇ., ਸੰਗਰੂਰ ਦੀਆਂ ਗਤੀਵਿਧੀਆਂ ਨੂੰ ਦਰਸਾਉਂਦੀ ਪ੍ਰਦਰਸ਼ਨੀ ਲਗਾ ਕੇ ਕਿਸਾਨਾਂ ਨਾਲ ਵਿਚਾਰ-ਵਟਾਂਦਰਾ ਕੀਤਾ।

ਇਸ ਮੌਕੇ ਕਿਸਾਨਾਂ ਨੂੰ ਪੀ.ਏ.ਯੂ. ਦਾ ਖੇਤੀ ਸਾਹਿਤ ਅਤੇ ਕਣਕ ਦੀ ਵਿਸ਼ੇਸ਼ ਗੁਣਵੱਤਾ ਵਾਲੀ ਕਿਸਮ ਪੀ ਬੀ ਡਬਲਯੂ ਜ਼ਿੰਕ 2 ਦੀਆਂ ਪ੍ਰਦਰਸ਼ਨੀਆਂ ਵੀ ਵੰਡੀਆਂ ਗਈਆਂ।

ਕਿਸਾਨਾਂ ਲਈ ਪੀਏਯੂ ਸਮਾਰਟ ਸੀਡਰ ਮਸ਼ੀਨ ਦਾ ਪ੍ਰਦਰਸ਼ਨ ਵੀ ਕੀਤਾ ਗਿਆ।ਕਿਸਾਨਾਂ ਵੱਲੋਂ ਪੁੱਛੇ ਸੁਆਲਾਂ ਜਿਵੇਂ ਕਿ ਕਣਕ ਨੂੰ ਪਹਿਲਾ ਪਾਣੀ ਲਗਾਉਣ, ਨਾਈਟ੍ਰੋਜਨ ਖਾਦ ਪਾਉਣ, ਕਣਕ ਵਿੱਚ ਗੁਲਾਬੀ ਸੁੰਡੀ ਦੇ ਹਮਲੇ ਦੀ ਰੋਕਥਾਮ, ਨੈਨੋ ਯੂਰੀਆ ਅਤੇ ਨੈਨੋ ਡੀ.ਏ.ਪੀ. ਦੀ ਵਰਤੋਂ, ਆਦਿ ਦੇ ਜਵਾਬ ਤਸੱਲੀਬਖ਼ਸ਼ ਢੰਗ ਨਾਲ ਦਿੱਤੇ ਗਏ।