Menu

ਪੰਜਾਬ ਖੇਤੀਬਾੜੀ ਯੂਨੀਵਰਸਿਟੀ
PUNJAB AGRICULTURAL UNIVERSITY

Menu

ਪੀ.ਏ.ਯੂ. ਦੇ ਬੇਸਿਕ ਸਾਇੰਸਜ਼ ਕਾਲਜ ਦੀ ਐਲੂਮਨੀ ਮੀਟ 3 ਦਸੰਬਰ ਨੂੰ ਹੋਵੇਗੀ

ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਬੇਸਿਕ ਸਾਇੰਸਜ਼ ਅਤੇ ਹਿਊਮੈਨਟੀਜ਼ ਕਾਲਜ ਵਲੋਂ ਆਪਣੇ ਪੁਰਾਣੇ ਵਿਦਿਆਰਥੀਆਂ ਦੀ ਛੇਵੀਂ ਮਿਲਣੀ (ਐਲੂਮਨੀ ਮੀਟ) 3 ਦਸੰਬਰ, 2025 ਨੂੰ ਕਰਵਾਈ ਜਾ ਰਹੀ ਹੈ| ਆਭਾ (ਐਸੋਸੀਏਸ਼ਨ ਆਫ਼ ਬੇਸਿਕ ਸਾਇੰਸਜ਼ ਐਂਡ ਹਿਊਮੈਨਟੀਜ਼ ਐਲੂਮਨੀ) ਦੀ ਸਰਪ੍ਰਸਤੀ ਹੇਠ ਕਰਵਾਈ ਜਾ ਰਹੀ ਇਸ ਮਿਲਣੀ ਵਿਚ ਕਰੀਬ 400 ਤੋਂ ਵੱਧ, ਜਿਨ੍ਹਾਂ ਵਿਚ 15 ਪੁਰਾਣੇ ਵਿਦਿਆਰਥੀ ਬਾਹਰਲੇ ਮੁਲਕਾਂ ਤੋਂ ਹਨ, ਦੇ ਸ਼ਾਮਲ ਹੋਣ ਦੀ ਉਮੀਦ ਹੈ| ਇਸ ਬਾਰੇ ਜਾਣਕਾਰੀ ਦਿੰਦਿਆਂ ਡਾ ਕਿਰਨ ਬੈਂਸ, ਡੀਨ ਬੇਸਿਕ ਸਾਇੰਸਜ਼ ਅਤੇ ਹਿਊਮੈਨਟੀਜ਼ ਕਾਲਜ ਅਤੇ ਪ੍ਰਧਾਨ, ਆਭਾ ਨੇ ਦੱਸਿਆ ਕਿ ਸਾਲ 1965 ਵਿਚ ਸਥਾਪਿਤ ਹੋਏ ਇਸ ਕਾਲਜ ਨੇ ਆਪਣੇ 60 ਵਰ੍ਹਿਆਂ ਦੇ ਅਧਿਆਪਣ, ਖੋਜ ਅਤੇ ਪਸਾਰ ਸਫ਼ਰ ਦੌਰਾਨ ਬਹੁਤ ਸਾਰੇ ਅਜਿਹੇ ਵਿਦਿਆਰਥੀਆਂ ਨੂੰ ਸਿੱਖਿਆ ਪ੍ਰਦਾਨ ਕੀਤੀ ਹੈ, ਜਿਨ੍ਹਾਂ ਨੇ ਦੇਸ਼ਾਂ-ਵਿਦੇਸ਼ਾਂ ਵਿਚ ਵੱਖੋ-ਵੱਖ ਖੇਤਰਾਂ ਵਿਚ ਆਪਣੀ ਧਾਂਕ ਜਮਾ ਕੇ ਨਾ ਕੇਵਲ ਯੂਨੀਵਰਸਿਟੀ ਬਲਕਿ ਸਮੁੱਚੇ ਭਾਰਤ ਦਾ ਨਾਂ ਰੌਸ਼ਨ ਕੀਤਾ ਹੈ| ਉਨਾਂ ਦੱਸਿਆ ਕਿ ਕਾਲਜ ਦੇ ਡਾਇੰਮਡ ਜੁਬਲੀ ਵਰੇ੍ਹ ਦੌਰਾਨ ਕਰਵਾਈ ਜਾ ਰਹੀ ਇਹ ਮਿਲਣੀ ਜਿੱਥੇ ਪੁਰਾਣੇ ਵਿਦਿਆਰਥੀਆਂ ਨੂੰ ਮੁੜ ਕੈਂਪਸ ਨਾਲ ਜੋੜ ਕੇ ਉਨ੍ਹਾਂ ਦੀਆਂ ਯਾਦਾਂ ਨੂੰ ਤਾਜ਼ਾ ਕਰੇਗੀ, ਉਥੇ ਪੀੜ੍ਹੀ ਦਰ ਪੀੜ੍ਹੀ ਵਿਦਿਆਰਥੀਆਂ ਨੂੰ ਆਪਣੀ ਅਕਾਦਮਿਕ ਸੰਸਥਾ ਨਾਲ ਜੁੜੇ ਰਹਿਣ ਅਤੇ ਨਵੇਂ ਵਿਦਿਆਰਥੀਆਂ ਵਿਚ ਜੋਸ਼, ਉਤਸ਼ਾਹ ਅਤੇ ਉਮੰਗ ਭਰਨ ਦਾ ਢੁੱਕਵਾ ਮੌਕਾ ਵੀ ਪ੍ਰਦਾਨ ਕਰੇਗੀ| ਉਨ੍ਹਾਂ ਦੱਸਿਆ ਕਿ ਇਸ ਮਿਲਣੀ ਵਿਚ ਪੀ ਏ ਯੂ ਦੇ ਵਾਈਸ ਚਾਂਸਲਰ ਡਾ ਸਤਿਬੀਰ ਸਿੰਘ ਗੋਸਲ ਅਤੇ ਹੋਰ ਪਤਵੰਤਿਆ ਤੋਂ ਇਲਾਵਾ ਯੂਨੀਵਰਸਿਟੀ ਦੇ ਸਮੂਹ ਡੀਨ, ਡਾਇਰੈਕਟਰ ਅਤੇ ਹੋਰ ਉੱਚ ਅਧਿਕਾਰੀ ਉਚੇਚੇ ਤੌਰ ਤੇ ਸ਼ਿਰਕਤ ਕਰਨਗੇ|
ਐਲੂਮਨੀ ਮੀਟ ਦੀ ਰੂਪ-ਰੇਖਾ ਬਾਰੇ ਜਾਣਕਾਰੀ ਦਿੰਦਿਆਂ ਡਾ ਸਵਰਨਦੀਪ ਸਿੰਘ ਹੁੰਦਲ, ਸਕੱਤਰ, ਆਭਾ ਨੇ ਦੱਸਿਆ ਕਿ ਇਸ ਮਿਲਣੀ ਦਾ ਉਦਘਾਟਨੀ ਸਮਾਰੋਹ 9:30 ਵਜੇ ਸਵੇਰੇ ਰਜਿਸਟ੍ਰੇਸ਼ਨ ਉਪਰੰਤ 10:30 ਵਜੇ ਸਵੇਰੇ ਪੀ ਏ ਯੂ ਦੇ ਪਾਲ ਆਡੀਟੋਰੀਅਮ ਵਿਖੇ ਹੋਵੇਗਾ, ਦੁਪਹਿਰ ਦੇ ਪ੍ਰੋਗਰਾਮ ਕਾਲਜ ਲਾਅਨਜ਼ ਵਿਚ ਹੋਣਗੇ| ਉਨ੍ਹਾਂ ਦੱਸਿਆ ਕਿ ਦੇਸ਼-ਵਿਦੇਸ਼ ਨੂੰ ਇਕ ਚਾਂਸਲਰ ਅਤੇ ਦਸ ਵਾਈਸ ਚਾਂਸਲਰ ਦੇਣ ਦਾ ਮਾਣ ਹਾਸਲ ਕਰਨ ਵਾਲੇ ਕਾਲਜ ਵਲੋਂ ਕਰਵਾਈ ਜਾ ਰਹੀ ਇਹ ਮਿਲਣੀ ਉਦੋਂ ਹੋਰ ਵੀ ਭਾਵਪੂਰਤ ਹੋ ਜਾਂਦੀ ਹੈ, ਜਦੋਂ ਅਕਾਦਮਿਕ, ਪ੍ਰਸ਼ਾਸਨਿਕ ਅਤੇ ਵਪਾਰਕ ਆਦਿ ਖੇਤਰਾਂ ਵਿਚ ਬੁਲੰਦੀਆਂ ਹਾਸਲ ਕਰਨ ਵਾਲੇ ਪੁਰਾਣੇ ਵਿਦਿਆਰਥੀ ਅਜੋਕੇ ਨੌਜਵਾਨ ਵਰਗ ਨਾਲ ਆਪਣੇ ਤਜ਼ਰਬੇ ਸਾਂਝੇ ਕਰਦੇ ਹਨ| ਉਨ੍ਹਾਂ ਦੱਸਿਆ ਕਿ ਕੋਵਿਡ ਵਰਗੇ ਅਣਸੁਖਾਵੇਂ ਹਾਲਾਤਾਂ ਬਾਅਦ ਕਰਵਾਈ ਜਾ ਰਹੀ ਇਸ ਮਿਲਣੀ ਵਿਚ ਸ਼ਾਮਲ ਹੋਣ ਲਈ ਸਾਬਕਾ ਵਿਦਿਆਰਥੀਆਂ ਵਿਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ| ਕਾਲਜ ਦੇ ਸਾਬਕਾ ਵਿਦਿਆਰਥੀਆਂ ਨੂੰ ਇਸ ਮਿਲਣੀ ਵਿਚ ਹੁੰਮ ਹੁੰਮਾ ਕੇ ਪੁੱਜਣ ਦਾ ਨਿੱਘਾ ਸੱਦਾ ਦਿੰਦਿਆਂ ਉਨ੍ਹਾਂ ਦੱਸਿਆ ਕਿ ਸਾਲ 2022 ਵਿਚ ਕਰਵਾਈ ਗਈ ਐਲੂਮਨੀ ਮੀਟ ਤੋਂ ਬਾਅਦ ਤਿੰਨ ਦਹਾਕਿਆਂ ਤੋਂ ਵੱਧ ਯੂਨੀਵਰਸਿਟੀ ਸੇਵਾਵਾਂ ਨਿਭਾਅ ਕੇ ਸੇਵਾ ਮੁਕਤ ਹੋਏ ਅਧਿਆਪਕਾਂ ਨੂੰ ਮਿਲਣੀ ਦੌਰਾਨ ਸਨਮਾਨਿਤ ਕੀਤਾ ਜਾਵੇਗਾ ਅਤੇ ਕਾਲਜ ਦੇ 60 ਸਾਲ ਦੇ ਸਫ਼ਰ ਤੇ ਦਸਤਾਵੇਜ਼ ਕੀਤੀ ਪੁਸਤਕ ਵੀ ਜ਼ਾਰੀ ਕੀਤੀ ਜਾਵੇਗੀ|