ਮਹਾਤਮਾ ਗਾਂਧੀ ਮਿਸ਼ਨ ਯੂਨੀਵਰਸਿਟੀ ਔਰੰਗਾਬਾਦ ਮਹਾਂਰਾਸ਼ਟਰ ਦੇ ਪ੍ਰੋਫੈਸਰ ਐਮੀਰਤਸ ਅਤੇ ਮਹਾਂਰਾਸ਼ਟਰ ਰਾਜ ਯੋਜਨਾਬੰਦੀ ਬੋਰਡ ਦੇ ਸਾਬਕਾ ਮੈਂਬਰ ਪ੍ਰੋਫੈਸਰ ਐੱਚ ਐੱਮ ਡਿਸਾਰਦਾ ਅੱਜ ਪੀ.ਏ.ਯੂ. ਦੇ ਅਰਥਸ਼ਾਸਤਰ ਅਤੇ ਸਮਾਜ ਵਿਗਿਆਨ ਵਿਭਾਗ ਵਿਚ ਆਏ| ਉਹਨਾਂ ਨਾਲ ਹੋਈ ਵਿਸ਼ੇਸ਼ ਵਾਰਤਾਲਾਪ ਮੌਕੇ ਉਹਨਾਂ ਨੇ ਪੰਜਾਬ ਦੀ ਖੇਤੀਬਾੜੀ ਅਤੇ ਵਿਸ਼ੇਸ਼ ਕਰਕੇ ਕਣਕ-ਝੋਨਾ ਫਸਲੀ ਚੱਕਰ ਦੇ ਆਰਥਿਕ ਪ੍ਰਭਾਵਾਂ ਬਾਰੇ ਮਹੱਤਵਪੂਰਨ ਧਾਰਨਾਵਾਂ ਦਿੱਤੀਆਂ| ਉਹਨਾਂ ਕਿਹਾ ਕਿ ਝੋਨੇ ਹੇਠ ਰਕਬਾ ਘਟਾ ਕੇ ਪੰਜਾਬ ਬਦਲਵੀਆਂ ਫਸਲਾਂ ਦੀ ਦਿਸ਼ਾ ਵਿਚ ਤੁਰਨ ਦੀ ਕਗਾਰ ਤੇ ਖੜਾ ਹੈ| ਇਸ ਤਰ੍ਹਾਂ ਕਰਕੇ ਨਾ ਸਿਰਫ ਕੁਦਰਤੀ ਸਰੋਤਾਂ ਦੀ ਸੰਭਾਲ ਕੀਤੀ ਜਾ ਸਕਦੀ ਹੈ ਬਲਕਿ ਪੰਜਾਬ ਦੀ ਭੂਮੀ ਨੂੰ ਵੀ ਬਚਾਇਆ ਜਾ ਸਕਦਾ ਹੈ| ਨਾਲ ਹੀ ਉਹਨਾਂ ਨੇ ਦੇਸ਼ ਦੀ ਕਿਸਾਨੀ ਦੀ ਰੱਖਿਆ ਲਈ ਜੈਵਿਕ ਅਤੇ ਕੁਦਰਤੀ ਖੇਤੀ ਨੂੰ ਉਤਸ਼ਾਹਿਤ ਕਰਨ ਦੇ ਸੁਝਾਅ ਵੀ ਦਿੱਤੇ|
ਵਿਭਾਗ ਦੇ ਮੁਖੀ ਪ੍ਰੋਫੈਸਰ ਜੇ ਐੱਮ ਸਿੰਘ ਨੇ ਪ੍ਰੋਫੈਸਰ ਡਿਸਾਰਦਾ ਦਾ ਸਵਾਗਤ ਕਰਦਿਆਂ ਉਹਨਾਂ ਦੀ ਸ਼ਖਸੀਅਤ ਨਾਲ ਜਾਣ-ਪਛਾਣ ਕਰਵਾਈ| ਨਾਲ ਉਹਨਾਂ ਨੇ ਵਿਭਾਗ ਦੀਆਂ ਖੋਜ ਅਤੇ ਅੰਕੜਾ ਇਕੱਤਰੀਕਰਨ ਦੀਆਂ ਕਾਰਵਾਈਆਂ ਨਾਲ ਜਾਣ-ਪਛਾਣ ਕਰਾਉਂਦਿਆਂ ਪੰਜਾਬ ਦੀ ਖੇਤੀਬਾੜੀ ਦੀ ਦਸ਼ਾ ਬਾਰੇ ਗੱਲਬਾਤ ਕੀਤੀ|
