Menu

ਪੰਜਾਬ ਖੇਤੀਬਾੜੀ ਯੂਨੀਵਰਸਿਟੀ
PUNJAB AGRICULTURAL UNIVERSITY

Menu

ਪੀ.ਏ.ਯੂ.-ਕ੍ਰਿਸ਼ੀ ਵਿਗਿਆਨ ਕੇਂਦਰ, ਹੁਸ਼ਿਆਰਪੁਰ ਵੱਲੋਂ ਝੋਨੇ ਦੇ ਸੁਚੱਜੇ ਪਰਾਲੀ ਪ੍ਰਬੰਧਨ ਬਾਬਤ ਵਿਦਿਅਕ ਦੌਰੇ ਦਾ ਆਯੋਜਨ

ਕਿਸਾਨਾਂ ਨੂੰ ਝੋਨੇ ਦੀ ਪਰਾਲੀ ਪ੍ਰਬੰਧਨ ਸਬੰਧੀ ਜਾਗਰੂਕ ਕਰਨ ਲਈ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ ਦੇ ਜਿਲ੍ਹਾ ਪੱਧਰੀ ਪਸਾਰ ਅਦਾਰੇ ਕ੍ਰਿਸ਼ੀ ਵਿਗਿਆਨ ਕੇਂਦਰ, ਬਾਹੋਵਾਲ, ਹੁਸ਼ਿਆਰਪੁਰ ਵੱਲੋਂ ਕੇ.ਵੀ.ਕੇ. ਵਿਖੇ ਝੋਨੇ ਦੇ ਪਰਾਲੀ ਵਿੱਚ ਕਣਕ ਦੀ ਸਿੱਧੀ ਬਿਜਾਈ ਦੀਆਂ ਪ੍ਰਦਰਸ਼ਨੀਆਂ ਬਾਬਤ ਵਿਦਿਅਕ ਦੌਰੇ ਦਾ ਆਯੋਜਨ ਮਿਤੀ 2 ਦਸੰਬਰ, 2025 ਨੂੰ ਕੀਤਾ ਗਿਆ।
ਕਿਸਾਨਾਂ ਨਾਲ ਰੂਬਰੂ ਹੁੰਦਿਆਂ, ਪੀ.ਏ.ਯੂ.-ਕ੍ਰਿਸ਼ੀ ਵਿਗਿਆਨ ਕੇਂਦਰ, ਹੁਸ਼ਿਆਰਪੁਰ ਦੇ ਸਹਿਯੋਗੀ ਨਿਰਦੇਸ਼ਕ (ਸਿਖਲਾਈ), ਡਾ. ਮਨਿੰਦਰ ਸਿੰਘ ਬੌਂਸ ਨੇ ਖੇਤ ਦੀ ਮਿੱਟੀ ਨੂੰ ਪੋਸ਼ਟਿਕ ਤੱਤਾਂ ਦਾ ਬੈਂਕ ਦੱਸਦਿਆਂ ਕਿਹਾ ਕਿ ਪਰਾਲੀ ਨੂੰ ਅੱਗ ਲਗਾ ਕੇ ਅਸੀਂ ਇਸਨੂੰ ਖਾਲੀ ਨਾ ਕਰੀਏ ਕਿਉਂਕਿ ਖਾਦਾਂ ਦਾ ਇਕ ਤਿਹਾਈ ਹਿੱਸਾ ਪਰਾਲੀ ਵਿਚ ਹੁੰਦਾ ਹੈ, ਜੋ ਅੱਗ ਲਗਾਉਣ ਨਾਲ ਇਸਦੇ ਨਾਲ ਹੀ ਨਸ਼ਟ ਹੋ ਜਾਂਦਾ ਹੈ।ਪਰਾਲੀ ਨੂੰ ਖੇਤ ਵਿਚ ਹੀ ਰੱਖਣ ਦੀ ਸਿਫ਼ਾਰਸ਼ ਕਰਦਿਆਂ ਉਨ੍ਹਾਂ ਕਿਹਾ ਕਿ ਇਸ ਨਾਲ ਜਿੱਥੇ ਜਮੀਨ ਦੀ ਸਿਹਤ ਠੀਕ ਰਹਿੰਦੀ ਹੈ ਉੱਥੇ ਖਾਦਾਂ ਤੇ ਖਰਚੇ ਘੱਟ ਹੁੰਦੇ ਹਨ ਅਤੇ ਵਾਤਾਵਰਨ ਵੀ ਪਲੀਤ ਨਹੀਂ ਹੁੰਦਾ।ਇਹਨਾਂ ਪ੍ਰਦਰਸ਼ਨੀਆਂ ਵਿੱਚ ਕੇ.ਵੀ.ਕੇ. ਫਾਰਮ ਤੇ ਕਣਕ ਦੀ ਸਿੱਧੀ ਬਿਜਾਈ ਵੱਖ-ਵੱਖ ਤਕਨੀਕਾਂ ਨਾਲ ਕੀਤੀ ਗਈ ਹੈ ਤਾਂ ਜੋ ਇਹਨਾਂ ਤਕਨੀਕਾਂ ਨਾਲ ਪਰਾਲੀ ਪ੍ਰਬੰਧਨ ਵਾਲੇ ਖੇਤਾਂ ਵਿੱਚ ਉੱਗੀ ਕਣਕ ਦੀ ਸਫਲ ਕਾਸ਼ਤ ਦਾ ਸੰਦੇਸ਼ ਵੱਧ ਤੋਂ ਵੱਧ ਕਿਸਾਨਾਂ ਤੱਕ ਪਹੁੰਚ ਸਕੇ। ਡਾ. ਬੌਂਸ ਨੇ ਜਿਲ੍ਹੇ ਦੇ ਅਗਾਂਾਹਵਧੂ ਕਿਸਾਨਾਂ ਦੀ ਸ਼ਲਾਘਾ ਵੀ ਕੀਤੀ, ਜਿਹਨਾਂ ਦੇ ਇਸ ਸਾਲ ਝੋਨੇ ਦੀ ਪਰਾਲੀ ਦਾ ਪੂਰਣ ਪ੍ਰਬੰਧ ਕੀਤਾ ਅਤੇ ਇਹਨਾਂ ਯਤਨਾਂ ਸਦਕਾ ਪਰਾਲੀ ਨੂੰ ਅੱਗ ਲਾਉਣ ਦੇ ਬਹੁਤ ਖੱਟ ਕੇਸ ਦਰਜ ਹੋਏ ਹਨ।ਇਸ ਤੋਂ ਇਲਾਵਾ ਡਾ. ਬੌਂਸ ਨੇ ਝੋਨੇ ਦੀ ਪਰਾਲੀ ਪ੍ਰਬੰਧਨ ਕਰਕੇ ਬੀਜੀ ਕਣਕ ਦੇ ਸਰਵਪੱਖੀ ਕੀਟ ਪ੍ਰਬੰਧ ਬਾਬਤ ਵੀ ਜਰੂਰੀ ਨੁਕਤੇ ਸਾਂਝੇ ਕੀਤੇ।
ਇਸ ਮੌਕੇ ਕਿਸਾਨਾਂ ਦੀ ਜਾਣਕਾਰੀ ਵਿੱਚ ਵਾਧੇ ਲਈ ਪੀ.ਏ.ਯੂ.-ਕ੍ਰਿਸ਼ੀ ਵਿਗਿਆਨ ਕੇਂਦਰ ਦੇ ਮਾਹਿਰਾਂ ਵੱਲੋਂ ਵੱਖ-ਵੱਖ ਤਕਨੀਕੀ ਲੈਕਚਰ ਦਿੱਤੇ ਗਏ।ਡਾ. ਪਰਮਿੰਦਰ ਸਿੰਘ, ਸਹਿਯੋਗੀ ਪ੍ਰਫੈਸਰ (ਪਸ਼ੂ ਵਿਗਿਆਨ) ਨੇ ਪਰਾਲੀ ਦੀ ਚਾਰੇ ਤੇ ਖਾਦ ਵਜੋਂ ਵਰਤੋਂ ਬਾਰੇ ਦੱਸਿਆ। ਉਨ੍ਹਾਂ ਨੇ ਦੁਧਾਰੂ ਪਸ਼ੂਆਂ ਦੀ ਸਾਂਭ ਸੰਭਾਲ ਤੇ ਪਸ਼ੂ ਖੁੁਰਾਕ ਤਿਆਰ ਕਰਨ ਬਾਰੇ ਵੀ ਜਾਣਕਾਰੀ ਸਾਂਝੀ ਕੀਤੀ ਜਦਕਿ ਡਾ. ਅਜੈਬ ਸਿੰਘ, ਸਹਾਇਕ ਪ੍ਰੋਫੈਸਰ (ਖੇਤੀਬਾੜੀ ਇੰਜੀਨਿਅਰਿੰਗ), ਨੇ ਝੋਨੇ ਦੀ ਪਰਾਲੀ ਪ੍ਰਬੰਧਨ ਤਕਨੀਕਾਂ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ।ਉਨ੍ਹਾਂ ਨੇ ਇਸ ਮੌਕੇ ਝੋਨੇ ਦੀ ਪਰਾਲੀ ਪ੍ਰਬੰਧਨ ਸੰਬੰਧੀ ਪ੍ਰਦਰਸ਼ਿਤ ਮਸ਼ੀਨਰੀ – ਸਰਫੇਸ ਸੀਡਰ, ਹੈਪੀ ਸੀਡਰ, ਸਮਾਰਟ ਸੀਡਰ, ਸੁਪਰ ਸੀਡਰ, ਜੀਰੋ ਡਰਿੱਲ ਦੀ ਵਰਤੋਂ ਸੰਬੰਧੀ ਵਿਸਥਾਰਪੂਰਵਕ ਜਾਣਕਾਰੀ ਮੁਹੱਈਆ ਕਰਵਾਈ।
ਹਾਜਿਰ ਕਿਸਾਨਾਂ ਨੇ ਇਹਨਾਂ ਪ੍ਰਦਰਸ਼ਨੀਆਂ ਦਾ ਦੌਰਾ ਕੀਤਾ ਤੇ ਆਪਣੇ ਖਦਸ਼ਿਆਂ ਬਾਬਤ ਮਾਹਿਰਾਂ ਨਾਲ ਵਿਚਾਰ-ਚਰਚਾ ਕੀਤੀ।