ਅੱਜ ਡਾ. ਖੇਮ ਸਿੰਘ ਗਿੱਲ ਕਿਸਾਨ ਸਲਾਹ ਸੇਵਾ ਕੇਂਦਰ ਹਾਲ ਵਿੱਚ ਪੀ.ਏ.ਯੂ. ਦੇ ਖੋਜ ਅਤੇ ਪਸਾਰ ਮਾਹਿਰਾਂ ਦੀ ਮਹੀਨਾਵਾਰ ਮੀਟਿੰਗ ਹੋਈ | ਇਸ ਮੀਟਿੰਗ ਦੀ ਪ੍ਰਧਾਨਗੀ ਨਿਰਦੇਸ਼ਕ ਪਸਾਰ ਸਿੱਖਿਆ ਡਾ. ਮੱਖਣ ਸਿੰਘ ਭੁੱਲਰ ਨੇ ਕੀਤੀ | ਡਾ. ਭੁੱਲਰ ਨੇ ਪਰਾਲੀ ਦੀ ਸੰਭਾਲ ਲਈ ਕਿਸਾਨਾਂ ਤੱਕ ਮਸ਼ੀਨਰੀ ਅਤੇ ਹੋਰ ਤਕਨੀਕਾਂ ਨੂੰ ਅਸਰਦਾਰ ਢੰਗ ਨਾਲ ਪਹੁੰਚਾਉਣ ਲਈ ਪਸਾਰ ਮਾਹਿਰਾਂ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਇਸ ਵਾਰ ਹਵਾ ਦਾ ਮਿਆਰ ਅਤੇ ਪਰਾਲੀ ਸਾੜਨ ਦੀਆਂ ਘਟਨਾਵਾਂ ਵਿਚ ਆਈ ਕਮੀ ਇਸ ਪ੍ਰਭਾਵਸ਼ਾਲੀ ਨਤੀਜੇ ਵਜੋਂ ਸਾਹਮਣੇ ਆਈ ਹੈ| ਉਹਨਾਂ ਕਿਹਾ ਕਿ ਕਣਕ ਵਿਚ ਨਦੀਨਾਂ ਦੀ ਰੋਕਥਾਮ ਅਤੇ ਕਣਕ ਦੇ ਪੀਲੇ ਪੈਣ ਦੀ ਸਮੱਸਿਆ ਬਾਰੇ ਕਿਸਾਨਾਂ ਨੂੰ ਅਗਾਊਂ ਚੇਤਨ ਕਰਨ ਦਾ ਸਮਾਂ ਆ ਗਿਆ ਹੈ| ਇਸਦੇ ਨਾਲ ਹੀ ਡਾ. ਭੁੱਲਰ ਨੇ ਹਾੜ੍ਹੀ ਦੀਆਂ ਫਸਲਾਂ ਵਿਚ ਖਾਦਾਂ ਅਤੇ ਪਾਣੀ ਦੀ ਸੁਚੱਜੀ ਵਰਤੋਂ ਸੰਬੰਧੀ ਮਾਹਿਰਾਨਾ ਰਾਵਾਂ ਕਿਸਾਨਾਂ ਤੱਕ ਪ੍ਰਸਾਰਿਤ ਕਰਨ ਦੀ ਅਪੀਲ ਵੀ ਕੀਤੀ| ਉਹਨਾਂ ਕਿਹਾ ਕਿ ਡਿਜ਼ੀਟਲ ਸਾਧਨਾਂ ਦੀ ਵਰਤੋਂ ਨੂੰ ਹੋਰ ਅਸਰਦਾਇਕ ਢੰਗ ਨਾਲ ਲਾਗੂ ਕਰਕੇ ਪਸਾਰ ਤਕਨੀਕਾਂ ਦਾ ਵਧੇਰੇ ਪ੍ਰਭਾਵ ਦੇਖਿਆ ਜਾ ਸਕਦਾ ਹੈ|
ਡਾ. ਭੁੱਲਰ ਨੇ ਨਰਮੇ ਵਿਚ ਗੁਲਾਬੀ ਸੁੰਡੀ ਦੀ ਰੋਕਥਾਮ ਲਈ ਬੇਮੌਸਮੀ ਕੋਸ਼ਿਸ਼ਾਂ ਬਾਰੇ ਪੀ.ਏ.ਯੂ. ਮਾਹਿਰਾਂ ਵੱਲੋਂ ਕੀਤੇ ਕੰਮਾਂ ਦੀ ਜਾਣਕਾਰੀ ਹਾਸਲ ਕੀਤੀ| ਨਾਲ ਹੀ ਉਹਨਾਂ ਨੇ ਨਰਮਾ ਪੱਟੀ ਵਿਚ ਦੇਸੀ ਕਪਾਹ ਦੀ ਕਾਸ਼ਤ ਲਈ ਹੋਰ ਕਿਸਾਨਾਂ ਨੂੰ ਪ੍ਰੇਰਿਤ ਕਰਨ ਦੀ ਲੋੜ ਤੇ ਜ਼ੋਰ ਦਿੱਤਾ| ਇਸ ਸੰਬੰਧੀ ਉਹਨਾਂ ਨੇ ਕਤਾਈ ਮਿੱਲਾਂ ਅਤੇ ਆਮ ਲੋਕਾਂ ਵੱਲੋਂ ਸਾੜਨ ਲਈ ਰੱਖੀਆਂ ਛਟੀਆਂ ਬਾਰੇ ਪੀ.ਏ.ਯੂ. ਦੀਆਂ ਸਿਫ਼ਾਰਸ਼ਾਂ ਲਾਗੂ ਕਰਨ ਵਾਸਤੇ ਪਸਾਰ ਕਰਮੀਆਂ ਨੂੰ ਪ੍ਰੇਰਿਤ ਕੀਤਾ|
ਵਧੀਕ ਨਿਰਦੇਸ਼ਕ ਖੋਜ ਡਾ. ਗੁਰਜੀਤ ਸਿੰਘ ਮਾਂਗਟ ਨੇ ਵਿਸ਼ੇਸ਼ ਤੌਰ ਤੇ ਮੀਟਿੰਗ ਵਿਚ ਯੂਨੀਵਰਸਿਟੀ ਵੱਲੋਂ ਕੀਤੀਆਂ ਜਾ ਰਹੀਆਂ ਖੋਜ ਗਤੀਵਿਧੀਆਂ ਦੀ ਜਾਣਕਾਰੀ ਦਿੱਤੀ| ਡਾ. ਮਾਂਗਟ ਨੇ ਕਿਹਾ ਕਿ ਕਿਸਾਨੀ ਸਮਾਜ ਦੀ ਬਿਹਤਰੀ ਲਈ ਪੀ.ਏ.ਯੂ. ਵੱਲੋਂ ਨਵੀਆਂ ਕਿਸਮਾਂ, ਉਤਪਾਦਨ ਤਕਨੀਕਾਂ ਅਤੇ ਪੌਦ ਸੁਰੱਖਿਆ ਤਕਨੀਕਾਂ ਬਾਰੇ ਖੋਜ ਜਾਰੀ ਹੈ| ਉਹਨਾਂ ਨੇ ਖੋਜ ਸੰਬੰਧੀ ਪਿਛਲੀ ਮੀਟਿੰਗ ਦੌਰਾਨ ਆਏ ਸੁਝਾਵਾਂ ਉੱਪਰ ਹੋਈ ਕਾਰਵਾਈ ਬਾਰੇ ਜਾਣਕਾਰੀ ਵੀ ਸਾਂਝੀ ਕੀਤੀ|
ਇਸ ਮੀਟਿੰਗ ਦੌਰਾਨ ਪੀ.ਏ.ਯੂ. ਦੇ ਸਾਬਕਾ ਵਿਦਿਆਰਥੀ ਅਤੇ ਅਮਰੀਕਾ ਵਿਚ ਖੇਤੀ ਵਿਗਿਆਨੀ ਵਜੋਂ ਕਾਰਜ ਕਰ ਰਹੇ ਡਾ ਕੁਲਭੂਸ਼ਣ ਗਰੋਵਰ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ| ਕਿਸਾਨ ਸਲਾਹਕਾਰ ਸੇਵਾ ਕੇਂਦਰ ਅਬੋਹਰ ਵੱਲੋਂ ਦੇਸੀ ਕਪਾਹ ਦੀ ਬਿਜਾਈ ਲਈ ਕਿਸਾਨਾਂ ਵਿਚ ਕੀਤੀਆਂ ਪਸਾਰ ਗਤੀਵਿਧੀਆਂ ਬਾਰੇ ਵਿਸ਼ੇਸ਼ ਡਾਕੂਮੈਂਟਰੀ ਫਿਲਮ ਪ੍ਰਦਰਸ਼ਿਤ ਕੀਤੀ ਗਈ|
ਇਸ ਮੀਟਿੰਗ ਵਿਚ ਪਿਛਲੀ ਕਾਰਵਾਈ ਰਿਪੋਰਟ ਵਧੀਕ ਨਿਰਦੇਸ਼ਕ ਪਸਾਰ ਸਿੱਖਿਆ ਡਾ. ਜੀ ਪੀ ਐੱਸ ਸੋਢੀ ਨੇ ਪੇਸ਼ ਕੀਤੀ| ਡਾ. ਸੋਢੀ ਨੇ ਇਸ ਦੌਰਾਨ ਚਲੰਤ ਖੇਤੀ ਮਸਲਿਆਂ ਦੇ ਹੱਲ ਲਈ ਯੂਨੀਵਰਸਿਟੀ ਦੀ ਪ੍ਰਤੀਬੱਧਤਾ ਨੂੰ ਦੁਹਰਾਇਆ|
ਅੰਤ ਵਿਚ ਧੰਨਵਾਦ ਦੇ ਸ਼ਬਦ ਅਪਰ ਨਿਰਦੇਸ਼ਕ ਸੰਚਾਰ ਡਾ. ਤਰਸੇਮ ਸਿੰਘ ਢਿੱਲੋਂ ਨੇ ਕਹੇ| ਇਸ ਮੀਟਿੰਗ ਵਿਚ ਪੀ.ਏ.ਯੂ. ਦੇ ਵੱਖ-ਵੱਖ ਵਿਭਾਗਾਂ ਦੇ ਮਾਹਿਰਾਂ ਤੋਂ ਬਿਨਾਂ ਕ੍ਰਿਸ਼ੀ ਵਿਗਿਆਨ ਕੇਂਦਰਾਂ, ਕਿਸਾਨ ਸਲਾਹ ਸੇਵਾ ਕੇਂਦਰਾਂ ਅਤੇ ਖੇਤਰੀ ਖੋਜ ਕੇਂਦਰਾਂ ਦੇ ਵਿਗਿਆਨੀ ਭਰਪੂਰ ਗਿਣਤੀ ਵਿਚ ਮੌਜੂਦ ਸਨ|
