ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਬੇਸਿਕ ਸਾਇੰਸਜ਼ ਅਤੇ ਹਿਊਮੈਨਟੀਜ਼ ਕਾਲਜ ਵਲੋਂ ਡਾਇਮੰਡ ਜੁਬਲੀ ਮੌਕੇ ਆਪਣੇ ਪੁਰਾਣੇ ਵਿਦਿਆਰਥੀਆਂ ਦੀ ਛੇਵੀਂ ਮਿਲਣੀ (ਐਲੂਮਨੀ ਮੀਟ) ਕਰਵਾਈ ਗਈ| ਆਭਾ (ਐਸੋਸੀਏਸ਼ਨ ਆਫ ਬੇਸਿਕ ਸਾਇੰਸਜ਼ ਐਂਡ ਹਿਊਮੈਨਟੀਜ਼ ਐਲੂਮਨੀ) ਦੀ ਸਰਪ੍ਰਸਤੀ ਹੇਠ ਕਰਵਾਈ ਗਈ ਇਸ ਮਿਲਣੀ ਵਿਚ ਦੇਸ਼-ਵਿਦੇਸ਼ ਤੋਂ ਵੱਡੀ ਗਿਣਤੀ ਪੁਰਾਣੇ ਵਿਦਿਆਰਥੀਆਂ, ਅਧਿਆਪਕਾਂ ਅਤੇ ਪਤਵੰਤਿਆਂ ਨੇ ਸ਼ਿਰਕਤ ਕੀਤੀ| ਪਦਮ ਭੂਸ਼ਨ ਡਾ. ਸਰਦਾਰਾ ਸਿੰਘ ਜੌਹਲ, ਚਾਂਸਲਰ, ਸੈਂਟਰਲ ਯੂਨੀਵਰਸਿਟੀ, ਪੰਜਾਬ ਇਸ ਮਿਲਣੀ ਵਿਚ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ ਅਤੇ ਡਾ. ਸਤਿਬੀਰ ਸਿੰਘ ਗੋਸਲ, ਵਾਈਸ ਚਾਂਸਲਰ, ਪੀ.ਏ.ਯੂ. ਨੇ ਇਸ ਐਲੂਮਨੀ ਮੀਟ ਦੀ ਪ੍ਰਧਾਨਗੀ ਕੀਤੀ|
ਐਲੂਮਨੀ ਮੀਟ ਨੂੰ ਸੰਬੋਧਨ ਕਰਦਿਆਂ ਡਾ. ਜੌਹਲ ਨੇ ਬੇਸਿਕ ਸਾਇੰਸਜ਼ ਕਾਲਜ ਦੀ ਸਥਾਪਨਾ ਦੇ ਪਿਛੋਕੜ ਅਤੇ ਇਸ ਨਾਲ ਆਪਣੇ ਡੂੰਘੇ ਰਿਸ਼ਤੇ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਾਲ 1965 ਵਿਚ ਸਥਾਪਿਤ ਹੋਣ ਉਪਰੰਤ ਇਸ ਕਾਲਜ ਨੇ ਆਪਣੇ 60 ਵਰ੍ਹਿਆਂ ਦੇ ਸਫ਼ਰ ਦੌਰਾਨ ਚੋਟੀ ਦੇ ਵਿਗਿਆਨੀ, ਅਧਿਆਪਕ ਅਤੇ ਪ੍ਰਸ਼ਾਸਨਿਕ ਅਧਿਕਾਰੀ ਦੇਸ਼ ਦੀ ਸੇਵਾ ਨੂੰ ਅਰਪਣ ਕੀਤੇ ਹਨ| ਉਨ੍ਹਾਂ ਕਿਹਾ ਕਿ ਖੇਤੀਬਾੜੀ ਨੂੰ ਹੁਲਾਰਾ ਦੇਣ ਲਈ ਮੁੱਢਲੇ ਵਿਗਿਆਨਾਂ ਦੀ ਡੂੰਘੀ ਜਾਣਕਾਰੀ ਪ੍ਰਦਾਨ ਕਰਨ ਵਾਲਾ ਇਹ ਕਾਲਜ ਅਤੇ ਇਸਦੇ ਵਿਭਾਗ ਪੀ.ਏ.ਯੂ. ਦੇ ਅਹਿਮ ਅੰਗ ਹਨ, ਜੋ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ਦੀਆਂ ਨੀਤੀਆਂ ਘੜ ਕੇ ਦੇਸ਼ ਦੀ ਖੇਤੀਬਾੜੀ ਨੂੰ ਨਵੀਆਂ ਸਿਖਰਾਂ ਵੱਲ ਲਿਜਾ ਰਹੇ ਹਨ| ਕਾਲਜ ਦੇ ਪੁਰਾਣੇ ਵਿਦਿਆਰਥੀਆਂ ਦੀਆਂ ਬੇਮਿਸਾਲ ਪ੍ਰਾਪਤੀਆਂ ਤੇ ਮਾਣ ਕਰਦਿਆਂ ਉਹਨਾਂ ਨੇ ਮੌਜੂਦਾ ਵਿਦਿਆਰਥੀਆਂ ਨੂੰ ਨਸੀਅਤ ਦਿੰਦਿਆਂ ਕਿਹਾ ਕਿ ਜ਼ਿੰਦਗੀ ਸੰਘਰਸ਼ ਦਾ ਨਾਮ ਹੈ, ਜੋ ਹਰ ਪਲ ਸਾਨੂੰ ਸਬਕ ਸਿਖਾਉਂਦੀ ਹੈ ਪਰ ਕਾਲਜ ਅਤੇ ਯੂਨੀਵਰਸਿਟੀ ਤੋਂ ਹਾਸਲ ਕੀਤੀ ਸਿੱਖਿਆ ਤੁਹਾਨੂੰ ਇਸ ਸੰਘਰਸ਼ਮਈ ਜ਼ਿੰਦਗੀ ਨਾਲ ਜੂਝਣਾ ਸਿਖਾਉਂਦੀ ਹੈ, ਤੁਹਾਡੇ ਲਈ ਪੂਰੀ ਦੁਨੀਆਂ ਦੇ ਨਵੇਂ ਦਰਵਾਜ਼ੇ ਖੋਲਦੀ ਹੈ| ਯੂਨੀਵਰਸਿਟੀ ਅਧਿਆਪਕਾਂ ਨੂੰ ਉੱਤਮ ਮਿਸਾਲ ਬਣਨ ਦੀ ਲੋੜ ਤੇ ਅਪੀਲ ਕਰਦਿਆਂ ਉਹਨਾਂ ਕਿਹਾ ਕਿ ਵਿਦਿਆਰਥੀਆਂ ਦੇ ਭਵਿੱਖ ਦਾ ਰਾਹ ਦਸੇਰਾ ਬਣ ਕੇ, ਉਨ੍ਹਾਂ ਦੀ ਸੁਚੱਜੀ ਅਗਵਾਈ ਕਰਨ, ਉਹਨਾਂ ਦੇ ਸ਼ੰਕਿਆਂ ਨੂੰ ਨਵਿਰਤ ਕਰਨ ਅਤੇ ਉਨ੍ਹਾਂ ਅੰਦਰ ਵੱਧ ਤੋਂ ਵੱਧ ਸਵਾਲ ਪੁੱਛਣ ਦਾ ਜ਼ਜ਼ਬਾ ਪੈਦਾ ਕਰਨਾ ਜ਼ਰੂਰੀ ਹੈ ਤਾਂ ਜੋ ਉਹ ਸਥਾਪਿਤ ਲੀਹਾਂ ਤੋਂ ਉੱਪਰ ਉੱਠ ਕੇ ਆਪਣਾ ਵੱਖਰਾ ਦ੍ਰਿਸ਼ਟੀਕੋਣ ਬਣ ਸਕਣ| ਲੜਕੀਆਂ ਵਿਚ ਪੜ੍ਹਨ-ਲਿਖਣ ਦੀ ਰੁਚੀ ਵੱਧ ਹੋਣ ਤੇ ਖੁਸ਼ੀ ਪ੍ਰਗਟ ਕਰਦਿਆਂ ਉਹਨਾਂ ਲੜਕਿਆਂ ਨੂੰ ਵੀ ਖੇਤੀ ਖੋਜ ਅਤੇ ਸਿੱਖਿਆ ਵਿਚ ਮੁਹਾਰਤ ਹਾਸਲ ਕਰਨ ਲਈ ਪ੍ਰੇਰਿਆ| ਬੇਸਿਕ ਸਾਇੰਸਜ਼ ਕਾਲਜ ਅਤੇ ਪੀ.ਏ.ਯੂ. ਨਾਲ ਆਪਣੀ ਜ਼ਜ਼ਬਾਤੀ ਸਾਂਝ ਜ਼ਾਹਿਰ ਕਰਦਿਆਂ ਉਹਨਾਂ ਕਿਹਾ ਕਿ ਦੇਸ਼-ਵਿਦੇਸ਼ ਵਿਚ ਵੱਡੀਆਂ ਸੰਸਥਾਵਾਂ ਅਤੇ ਉੱਚੇ ਅਹੁਦਿਆਂ ਤੇ ਸੇਵਾ ਨਿਭਾਉਣ ਦੇ ਬਾਵਜੂਦ ਪੀ.ਏ.ਯੂ. ਮੇਰੀ ਰੂਹ ਵਿਚ ਵਸਦੀ ਹੈ ਅਤੇ ਇਹ ਸਾਂਝ ਹਮੇਸ਼ਾਂ ਇਸੇ ਤਰ੍ਹਾਂ ਕਾਇਮ ਰਹੇਗੀ|
ਡਾ. ਸਤਿਬੀਰ ਸਿੰਘ ਗੋਸਲ ਵਾਈਸ ਚਾਂਸਲਰ ਪੀ.ਏ.ਯੂ. ਨੇ ਐਲੂਮਨੀ ਮੀਟ ਵਿਚ ਸ਼ਿਰਕਤ ਕਰ ਰਹੇ ਪੁਰਾਣੇ ਵਿਦਿਆਰਥੀਆਂ ਨੂੰ ਯੂਨੀਵਰਸਿਟੀ ਦੀਆਂ ਖੇਤੀ ਖੋਜ, ਸਿੱਖਿਆ ਅਤੇ ਪਸਾਰ ਗਤੀਵਿਧੀਆਂ ਬਾਰੇ ਚਾਣਨਾ ਪਾਉਂਦਿਆਂ ਦੱਸਿਆ ਕਿ ਇਹ ਯੂਨੀਵਰਸਿਟੀ ਪਿਛਲੇ ਲਗਾਤਾਰ ਤਿੰਨ ਸਾਲ ਤੋਂ ਦੇਸ਼ ਭਰ ਦੀਆਂ 75 ਖੇਤੀ ਯੂਨੀਵਰਸਿਟੀਆਂ ਵਿਚੋਂ ਪਹਿਲੇ ਨੰਬਰ ਤੇ ਆ ਰਹੀ ਹੈ| ਉਨ੍ਹਾਂ ਦੱਸਿਆ ਕਿ ਪਿਛਲੇ ਛੇ ਸਾਲਾਂ ਦੌਰਾਨ ਪੀ.ਏ.ਯੂ. ਦੇ ਲਗਭਗ 500 ਵਿਦਿਆਰਥੀ ਬਾਹਰਲੇ ਮੁਲਕਾਂ ਵਿਚ ਉਚੇਰੀ ਸਿੱਖਿਆ ਹਾਸਲ ਕਰਨ ਗਏ ਹਨ, 4 ਵਿਦਿਆਰਥੀਆਂ ਨੇ ਪ੍ਰਧਾਨ ਮੰਤਰੀ ਫੈਲੋਸ਼ਿਪ ਅਤੇ 25 ਵਿਦਿਆਰਥੀਆਂ ਨੇ ਇੰਸਪਾਇਰ ਫੈਲੋਸ਼ਿਪ ਹਾਸਲ ਕੀਤੀ ਹੈ| ਉਨ੍ਹਾਂ ਦੱਸਿਆ ਕਿ ਇਹ ਯੂਨੀਵਰਸਿਟੀ ਸਿਰਫ ਹਰੀ ਕ੍ਰਾਂਤੀ ਦੀ ਹੀ ਜਣਨੀ ਨਹੀਂ ਬਲਕਿ 7 ਹੋਰ ਯੂਨੀਵਰਸਿਟੀਆਂ ਦੀ ਵੀ ਜਣਨਹਾਰੀ ਹੈ, ਜੋ ਖੇਤੀ ਖੋਜ, ਸਿੱਖਿਆ ਅਤੇ ਪਸਾਰ ਵਿਚ ਨਵੀਆਂ ਪਿਰਤਾਂ ਪਾ ਰਹੀਆਂ ਹਨ| ਉਨ੍ਹਾਂ ਦੱਸਿਆ ਕਿ ਪੰਜਾਬ ਦੀ ਖੇਤੀ ਨੂੰ ਹੁਲਾਰਾ ਦੇਣ ਲਈ ਯੂਨੀਵਰਸਿਟੀ ਵੱਲੋਂ ਪਾਏ ਜਾ ਰਹੇ ਵੱਡਮੁੱਲੇ ਯੋਗਦਾਨ ਦੇ ਇਵਜ਼ ਵਜੋਂ ਪੰਜਾਬ ਸਰਕਾਰ ਵਲੋਂ ਵਿਸ਼ੇਸ਼ ਗ੍ਰਾਂਟ ਮੁਹਈਆ ਕਰਵਾਈ ਜਾ ਰਹੀ ਹੈ, ਜਿਸ ਨਾਲ ਯੂਨੀਵਰਸਿਟੀ ਦੀਆਂ ਲੈਬਾਰਟਰੀਆਂ, ਲਾਇਬ੍ਰੇਰੀ, ਹੋਸਟਲ ਅਤੇ ਸਮੁੱਚੇ ਬੁਨਿਆਦੀ ਢਾਂਚੇ ਨੂੰ ਨਵਿਆਇਆ ਜਾ ਰਿਹਾ ਹੈ| ਬੇਸਿਕ ਸਾਇੰਸਜ਼ ਕਾਲਜ ਵਲੋਂ ਇਕ ਚਾਂਸਲਰ, ਦਸ ਵਾਈਸ ਚਾਂਸਲਰ, ਉੱਘੇ ਵਿਗਿਆਨੀ, ਪ੍ਰਸ਼ਾਸਨਿਕ ਅਧਿਕਾਰੀ ਅਤੇ ਦੇਸ਼ ਭਰ ਨੂੰ ਚੰਗੇ ਨਾਗਰਿਕ ਦੇਣ ਦਾ ਮਾਣ ਮਹਿਸੂਸ ਕਰਦਿਆਂ ਉਨ੍ਹਾਂ ਦੱਸਿਆ ਕਿ ਮੌਜੂਦਾ ਸਮੇਂ ਕਾਲਜ ਵਿਚ 600 ਤੋਂ ਵੱਧ ਵਿਦਿਆਰਥੀ ਸਿੱਖਿਆ ਹਾਸਲ ਕਰ ਰਹੇ ਹਨ, ਜਦਕਿ ਅਧਿਆਪਕਾਂ ਦੀ ਗਿਣਤੀ 118 ਹੈ ਅਤੇ ਇਸ ਤਰ੍ਹਾਂ ਹਰੇਕ ਅਧਿਆਪਕ ਸਿਰਫ਼ ਪੰਜ ਵਿਦਿਆਰਥੀਆਂ ਨੂੰ ਸਿੱਖਿਆ ਪ੍ਰਦਾਨ ਕਰ ਰਿਹਾ ਹੈ| ਕਾਲਜ ਦੀ ਡਾਇਮੰਡ ਜੁਬਲੀ ਮੌਕੇ ਕਰਵਾਈ ਜਾ ਰਹੀ ਇਸ ਐਲੂਮਨੀ ਮੀਟ ਦਾ ਸਮੁੱਚਾ ਸਿਹਰਾ ਆਭਾ ਦੇ ਸਿਰ ਬੰਨਦਿਆਂ ਉਨ੍ਹਾਂ ਦੱਸਿਆ ਕਿ ਇਸ ਸੰਸਥਾ ਨਾਲ ਵਿਸ਼ਵ ਭਰ ਵਿੱਚੋਂ 6000 ਤੋਂ ਵੱਧ ਪੁਰਾਣੇ ਵਿਦਿਆਰਥੀ ਜੁੜੇ ਹੋਏ ਹਨ|
ਡਾ. ਕਿਰਨ ਬੈਂਸ, ਡੀਨ, ਬੇਸਿਕ ਸਾਇੰਸਜ਼ ਅਤੇ ਹਿਊਮੈਨਟੀਜ਼ ਕਾਲਜ ਅਤੇ ਪ੍ਰਧਾਨ ਆਭਾ ਨੇ ਕਾਲਜ ਦੀ ਡਾਇਮੰਡ ਜੁਬਲੀ ਮੌਕੇ ਕਰਵਾਈ ਜਾ ਰਹੀ 6ਵੀਂ ਐਲੂਮਨੀ ਮੀਟ ਵਿਚ ਆਭਾ ਦੀ ਰਿਪੋਰਟ ਪੇਸ਼ ਕਰਦਿਆਂ ਪਦਮਸ਼੍ਰੀ ਡਾ. ਸੁਰਜੀਤ ਸਿੰਘ ਪਾਤਰ, ਡਾ. ਸਤਿਆ ਨੰਦ ਸੇਵਕ, ਸ੍ਰੀ ਰਮੇਸ਼ ਵਿਨਾਇਕ, ਸ੍ਰੀ ਵਰਿੰਦਰ ਵਾਲੀਆ, ਡਾ. ਸੁਖਪਾਲ ਸਿੰਘ, ਸ੍ਰੀ ਪੀ ਪੀ ਐੱਸ ਗਿੱਲ, ਡਾ. ਦੀਪ ਸੈਣੀ ਅਤੇ ਹੋਰ ਅਨੇਕਾਂ ਉੱਘੀਆਂ ਸ਼ਖਸੀਅਤਾਂ ਦਾ ਜ਼ਿਕਰ ਕੀਤਾ, ਜਿਨ੍ਹਾਂ ਨੇ ਦੇਸ਼-ਵਿਦੇਸ਼ ਵਿਚ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੀ ਸੇਵਾ ਕੀਤੀ| ਉਨ੍ਹਾਂ ਦੱਸਿਆ ਕਿ ਕਾਲਜ ਵਿਚਲੇ 8 ਵਿਭਾਗਾਂ ਵਿਚ ਤਨਦੇਹੀ ਨਾਲ ਸੇਵਾ ਨਿਭਾਅ ਰਹੇ 118 ਅਧਿਆਪਕ ਯੂਨੀਵਰਸਿਟੀ ਦੇ ਖੋਜ, ਅਧਿਆਪਣ ਅਤੇ ਪਸਾਰ ਕਾਰਜਾਂ ਵਿਚ ਆਪਣਾ ਬਣਦਾ ਯੋਗਦਾਨ ਨਿਭਾਅ ਰਹੇ ਹਨ| ਕਾਲਜ ਅਤੇ ਯੂਨੀਵਰਸਿਟੀ ਦੇ ਸਮੁੱਚੇ ਵਿਕਾਸ ਲਈ ਸਾਰਿਆਂ ਨੂੰ ਰਲ ਕੇ ਹੰਭਲਾ ਮਾਰਣ ਅਤੇ ਵੱਡਮੁੱਲਾ ਯੋਗਦਾਨ ਪਾਉਣ ਦੀ ਅਪੀਲ ਕਰਦਿਆਂ ਉਨ੍ਹਾਂ ਦੱਸਿਆ ਕਿ ਯੂਨੀਵਰਸਿਟੀ ਵਿਚ ਬਹੁਤ ਜਲਦ ਇਕ ਐਲੂਮਨੀ ਸੈਂਟਰ ਬਣਨ ਜਾ ਰਿਹਾ ਹੈ, ਜੋ ਪੁਰਾਣੇ ਵਿਦਿਆਰਥੀਆਂ ਨੂੰ ਹਮੇਸ਼ਾ ਲਈ ਇਸ ਸੰਸਥਾ ਨਾਲ ਜੋੜਨ ਦਾ ਉਪਰਾਲਾ ਕਰੇਗਾ|
ਡਾ. ਸਵਰਨਦੀਪ ਸਿੰਘ ਹੁੰਦਲ, ਸਾਬਕਾ ਮੁਖੀ, ਜੂਆਲੋਜੀ ਵਿਭਾਗ ਅਤੇ ਸਕੱਤਰ, ਆਭਾ ਨੇ ਐਲੂਮਨੀ ਮੀਟ ਵਿਚ ਸ਼ਿਰਕਤ ਕਰ ਰਹੇ ਪੁਰਾਣੇ ਅਤੇ ਮੌਜੂਦਾ ਵਿਦਿਆਰਥੀਆਂ, ਅਧਿਆਪਕਾਂ ਅਤੇ ਪਤਵੰਤਿਆਂ ਨੂੰ ਨਿੱਘਾ ਜੀ ਆਇਆ ਕਹਿੰਦਿਆਂ ਸਾਲ 2016 ਵਿਚ ਹੋਂਦ ਵਿਚ ਆਈ ਆਭਾ, ਇਸ ਵੱਲੋਂ ਕੀਤੇ ਜਾ ਰਹੇ ਕਾਰਜਾਂ ਅਤੇ ਮੰਤਵਾਂ ਬਾਰੇ ਜਾਣਕਾਰੀ ਦਿੱਤੀ| ਉਨ੍ਹਾਂ ਕਿਹਾ ਕਿ ਸਾਲ 1965 ਵਿਚ ਸਥਾਪਿਤ ਹੋਏ ਬੇਸਿਕ ਸਾਇੰਸਜ਼ ਕਾਲਜ ਦੇ 60 ਵਰ੍ਹਿਆਂ ਦੇ ਸਫ਼ਰ ਦੌਰਾਨ ਭਾਵੇਂ ਕਿੰਨੀਆਂ ਹੀ ਤਬਦੀਲੀਆਂ ਆਈਆਂ ਹਨ ਪਰ ਸਾਡੀਆਂ ਯਾਦਾਂ ਉਨ੍ਹਾਂ ਪੁਰਾਣੇ ਪਲਾਂ ਨੂੰ ਹਮੇਸ਼ਾਂ ਤਰੋ ਤਾਜ਼ਾ ਰੱਖਦੀਆਂ ਹਨ| ਉਨ੍ਹਾਂ ਕਿਹਾ ਕਿ ਕਿਸੇ ਵੀ ਵਿਦਿਅਕ ਸੰਸਥਾ ਦੀ ਅਸਲ ਸੰਪਤੀ ਉਸਦੇ ਵਿਦਿਆਰਥੀ ਹੁੰਦੇ ਹਨ, ਜੋ ਵੱਖ-ਵੱਖ ਖੇਤਰਾਂ ਵਿਚ ਵੱਡੀਆਂ ਮੱਲ੍ਹਾਂ ਮਾਰ ਕੇ ਉਸ ਸੰਸਥਾ ਦਾ ਨਾਮ ਰੌਸ਼ਨ ਕਰਦੇ ਹਨ|
ਇਸ ਮੌਕੇ ਯੂਨੀਵਰਸਿਟੀ ਅਧਿਕਾਰੀਆਂ ਵਲੋਂ ਡਾ. ਸਰਦਾਰਾ ਸਿੰਘ ਜੌਹਲ, ਡਾ. ਜੈਰੂਪ ਸਿੰਘ, ਡਾ. ਆਰ. ਐੱਸ ਬਾਵਾ, ਸਵਰਗਵਾਸੀ ਡਾ. ਵੀ ਪੀ ਗੁਪਤਾ, ਡਾ. ਅਮਰੀਕ ਸਿੰਘ ਆਹਲੂਵਾਲੀਆ, ਡਾ. ਗੁਰਸ਼ਰਨ ਸਿੰਘ ਰੰਧਾਵਾ, ਡਾ. ਪ੍ਰਤਿਭਾ ਗੋਇਲ, ਡਾ. ਸਤਿਬੀਰ ਸਿੰਘ ਗੋਸਲ, ਡਾ. ਗੁਰਿੰਦਰ ਕੌਰ ਸਾਂਘਾ, ਡਾ. ਸ਼ੰਮੀ ਕਪੂਰ, ਡਾ ਸਵਰਨਦੀਪ ਸਿੰਘ ਹੁੰਦਲ ਅਤੇ ਡਾ. ਕਿਰਨ ਬੈਂਸ ਦਾ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ|
ਕਾਲਜ ਵਿਚ ਆਪਣੀਆਂ ਸਾਨਦਾਰ ਸੇਵਾਵਾਂ ਨਿਭਾਅ ਕੇ ਸੇਵਾ ਮੁਕਤ ਹੋਏ ਡਾ. ਮਨਜੀਤ ਕੌਰ, ਡਾ.ਐਮ.ਕੇ.ਸੇਖੋਂ, ਡਾ. ਮਿਨੀ ਗੋਇਲ, ਡਾ. ਵਿਨੈ ਸ਼ਰਮਾ, ਡਾ. ਐੱਸ ਐੱਸ ਸਿੱਧੂ, ਡਾ. ਪੂਨਮ ਸ਼ਰਮਾ, ਡਾ. ਸਰਬਜੀਤ ਸਿੰਘ, ਡਾ. ਬਵਿਤਾ ਅਸਥਿਰ, ਡਾ. ਨੀਨਾ ਚਾਵਲਾ, ਡਾ. ਸੁਚੇਤ ਸ਼ਰਮਾ, ਡਾ. ਨੀਰਜ ਸ਼ਰਮਾ ਅਤੇ ਡਾ. ਸੀਮਾ ਬੇਦੀ ਦਾ ਵੀ ਵਿਸ਼ੇਸ਼ ਮਾਣ-ਸਨਮਾਨ ਕੀਤਾ ਗਿਆ|
ਡਾ. ਗੌਰਵ ਸਰੀਨ, ਡਾ. ਚੰਦਰ ਪਾਲ ਸ਼ਰਮਾ ਅਤੇ ਬੈਂਕ ਆਫ਼ ਬੜੌਦਾ ਵਲੋਂ ਵਿਤੀ ਯੋਗਦਾਨ ਪਾਉਣ ਦੇ ਇਵਜ਼ ਵਜੋਂ ਮਾਣ-ਸਨਮਾਨ ਕੀਤਾ ਗਿਆ|
ਖੇਤੀ ਪੱਤਰਕਾਰੀ ਭਾਸ਼ਾਵਾਂ ਅਤੇ ਸਭਿਆਚਾਰ ਵਿਭਾਗ ਦੀ ਵਿਦਿਆਰਥਣ ਤਨਵੀ ਨੂੰ ਪ੍ਰੋਤਸਾਹਣ ਪ੍ਰਮਾਣ ਪੱਤਰ ਪ੍ਰਦਾਨ ਕੀਤਾ ਗਿਆ|
ਇਸ ਮੌਕੇ ਕਾਲਜ ਦੇ 60 ਵਰ੍ਹਿਆਂ ਦੇ ਸਫ਼ਰ ਉੱਤੇ ਤਿਆਰ ਕੀਤੀ ਕਾਫੀ ਟੇਬਲ ਬੁੱਕ ਰਲੀਜ਼ ਕੀਤੀ ਗਈ| ਕਾਲਜ ਉੱਤੇ ਤਿਆਰ ਕੀਤੀ ਗਈ ਦਸਤਾਵੇਜ਼ੀ ਫਿਲਮ ਵੀ ਦਿਖਾਈ ਗਈ|
ਕਾਲਜ ਦੇ ਵਿਦਿਆਰਥੀਆਂ ਨੇ ਲੋਕ ਨਾਚਾਂ ਅਤੇ ਲੋਕ ਗੀਤਾਂ ਰਾਹੀਂ ਖੂਬ ਰੰਗ ਬੰਨਿਆਂ|
ਧੰਨਵਾਦ ਦੇ ਸ਼ਬਦ ਡਾ. ਦਿਵਿਆ ਵੱਲੋਂ ਕਹੇ ਗਏ|
