ਗੁਲਦਾਉਦੀ ਦੀਆਂ ਬਹੁਤ ਸਾਰੀਆਂ ਕਿਸਮਾਂ ਅਤੇ ਭਾਂਤ-ਸੁਭਾਂਤੇ ਰੰਗਾਂ ਦੀ ਛਹਿਬਰ ਲਾਉਂਦਾ ਪੀ.ਏ.ਯੂ. ਦਾ ਸਲਾਨਾ ਗੁਲਦਾਉਦੀ ਸ਼ੋਅ ਸਫਲਤਾ ਪੂਰਵਕ ਅੱਜ ਡਾ ਮਨਮੋਹਨ ਸਿੰਘ ਆਡੀਟੋਰੀਅਮ ਵਿਖੇ ਸਿਰੇ ਚੜਿਆ| ਆਧੁਨਿਕ ਪੰਜਾਬੀ ਕਵਿਤਾ ਦੇ ਪਿਤਾਮਾ ਅਤੇ ਕੁਦਰਤ ਦੇ ਸਿਰਜਕ ਕਵੀ ਭਾਈ ਵੀਰ ਸਿੰਘ ਦੀ ਯਾਦ ਨੂੰ ਸਮਰਪਿਤ ਇਹ 28 ਗੁਲਦਾਉਦੀ ਸ਼ੋਅ ਲੁਧਿਆਣੇ ਦੇ ਆਸ ਪਾਸ ਦੇ ਫੁੱਲ ਪ੍ਰੇਮੀਆਂ ਲਈ ਸਦਾ ਵਾਂਗ ਵਿਸ਼ੇਸ਼ ਆਕਰਸ਼ਣ ਅਤੇ ਖਿੱਚ ਦਾ ਕੇਂਦਰ ਬਣਿਆ ਰਿਹਾ| ਆਸ ਪਾਸ ਦੇ ਇਲਾਕਿਆਂ ਦੇ ਨਿੱਜੀ ਫੁੱਲ ਪ੍ਰੇਮੀਆਂ ਅਤੇ ਸੰਸਥਾਵਾਂ ਦੀਆਂ 200 ਤੋਂ ਵਧੇਰੇ ਐਂਟਰੀਆਂ ਨੇ ਗੁਲਦਾਉਦੀ ਮੁਕਾਬਲਿਆਂ ਵਿਚ ਹਿੱਸਾ ਲਿਆ| ਜ਼ਿਕਰਯੋਗ ਹੈ ਕਿ ਇਹ ਸ਼ੋਅ ਫਲੋਰੀਕਲਚਰ ਅਤੇ ਲੈਂਡਸਕੇਪਿੰਗ ਵਿਭਾਗ ਵੱਲੋਂ ਅਸਟੇਟ ਆਰਗੇਨਾਈਜ਼ੇਸ਼ਨ ਪੀ.ਏ.ਯੂ. ਦੇ ਸਹਿਯੋਗ ਨਾਲ ਆਯੋਜਿਤ ਕੀਤਾ ਜਾਂਦਾ ਹੈ|
ਸਮਾਪਤੀ ਸਮਾਰੋਹ ਵਿਚ ਮੁੱਖ ਮਹਿਮਾਨ ਵਜੋਂ ਨਿਰਦੇਸ਼ਕ ਪਸਾਰ ਸਿੱਖਿਆ ਡਾ. ਮੱਖਣ ਸਿੰਘ ਭੁੱਲਰ ਸ਼ਾਮਿਲ ਹੋਏ| ਵਿਸ਼ੇਸ਼ ਮਹਿਮਾਨ ਦੇ ਤੌਰ ਤੇ ਮਿਲਖ ਅਧਿਕਾਰੀ ਅਤੇ ਬਾਗਬਾਨੀ ਕਾਲਜ ਦੇ ਡੀਨ ਡਾ. ਰਿਸ਼ੀਇੰਦਰਾ ਸਿੰਘ ਗਿੱਲ, ਅਪਰ ਨਿਰਦੇਸ਼ਕ ਸੰਚਾਰ ਡਾ. ਤਰਸੇਮ ਸਿੰਘ ਢਿੱਲੋਂ ਅਤੇ ਵੱਖ-ਵੱਖ ਵਿਭਾਗਾਂ ਦੇ ਮੁਖੀਆਂ ਸਮੇਤ ਫੁੱਲਾਂ ਦੇ ਸਾਬਕਾ ਮਾਹਿਰ ਸਮਾਪਤੀ ਸਮਾਰੋਹ ਵਿਚ ਸ਼ਾਮਿਲ ਸਨ|
ਡਾ. ਮੱਖਣ ਸਿੰਘ ਭੁੱਲਰ ਨੇ ਇਸ ਮੌਕੇ ਫੁੱਲ ਪ੍ਰੇਮੀਆਂ ਨੂੰ ਪੀ.ਏ.ਯੂ. ਦੀ ਸਰਜ਼ਮੀਨ ਉੱਪਰ ਜੀ ਆਇਆ ਆਖਦਿਆਂ ਕਿਹਾ ਕਿ ਮਨੁੱਖੀ ਜ਼ਿੰਦਗੀ ਲਈ ਜਿੰਨਾ ਜ਼ਰੂਰੀ ਅਨਾਜ ਹੈ, ਸੁਹਜ ਵੀ ਓਨਾ ਹੀ ਲਾਜ਼ਮੀ ਹੈ| ਜਿੱਥੇ ਵੱਖ-ਵੱਖ ਅਨਾਜ ਫਸਲਾਂ ਸਾਡੀ ਢਿੱਡ ਦੀ ਭੁੱਖ ਮਿਟਾਉਣ ਲਈ ਕਾਸ਼ਤ ਕੀਤੀਆਂ ਜਾਂਦੀਆਂ ਹਨ| ਮਨ ਦੀ ਭੁੱਖ ਮਿਟਾਉਣ ਪੱਖੋਂ ਫੁੱਲਾਂ ਦੀ ਕਾਸ਼ਤ ਸਦੀਆਂ ਤੋਂ ਮਨੁੱਖੀ ਸਮੂਹਾਂ ਵੱਲੋਂ ਕੀਤੀ ਜਾਂਦੀ ਰਹੀ ਹੈ| ਡਾ. ਭੁੱਲਰ ਨੇ ਕਿਹਾ ਕਿ ਖੇਤੀ ਵਿਭਿੰਨਤਾ ਬਾਰੇ ਸੋਚਦਿਆਂ ਸਾਨੂੰ ਫੁੱਲਾਂ ਦੀ ਕਾਸ਼ਤ ਨੂੰ ਵੀ ਧਿਆਨ ਗੋਚਰੇ ਰੱਖਣਾ ਪਵੇਗਾ| ਉਹਨਾਂ ਨੇ ਬਾਗਬਾਨੀ ਫਸਲਾਂ ਵਿਚ ਫੁੱਲਾਂ ਦੇ ਮਹੱਤਵ ਨੂੰ ਹੋਰ ਵਧਾਉਣ ਲਈ ਫੁੱਲਾਂ ਦੇ ਖੇਤਰ ਵਿਚ ਖੋਜ ਕਰ ਰਹੇ ਮਾਹਿਰਾਂ ਅਤੇ ਵਿਦਿਆਰਥੀਆਂ ਨੂੰ ਡੱਟ ਕੇ ਕਾਰਜ ਕਰਨ ਦਾ ਸੱਦਾ ਦਿੱਤਾ| ਜੇਤੂਆਂ ਨੂੰ ਇਨਾਮ ਤਕਸੀਮ ਕਰਦਿਆਂ ਡਾ. ਭੁੱਲਰ ਨੇ ਵਧਾਈ ਦਿੱਤੀ ਅਤੇ ਆਸ ਪ੍ਰਗਟਾਈ ਕਿ ਜਲਦ ਹੀ ਇਸ ਖੇਤਰ ਦੇ ਵਪਾਰਕ ਕਾਸ਼ਤਕਾਰਾਂ ਲਈ ਵੀ ਮੁਕਾਬਲੇ ਦਾ ਕੋਈ ਵਰਗ ਰਾਖਵਾਂ ਰੱਖਿਆ ਜਾਵੇਗਾ|
ਬਾਗਬਾਨੀ ਕਾਲਜ ਦੇ ਡੀਨ ਅਤੇ ਮਿਲਖ ਅਧਿਕਾਰੀ ਡਾ. ਰਿਸ਼ੀਇੰਦਰਾ ਸਿੰਘ ਗਿੱਲ ਨੇ ਆਪਣੇ ਵਿਸ਼ੇਸ਼ ਭਾਸ਼ਣ ਵਿਚ ਇਕੱਤਰ ਹੋਏ ਫੁੱਲ ਪ੍ਰੇਮੀਆਂ ਦੀ ਸ਼ਲਾਘਾ ਕੀਤੀ| ਉਹਨਾਂ ਕਿਹਾ ਕਿ ਪੀ.ਏ.ਯੂ. ਆਪਣੀ ਸੁੰਦਰਤਾ ਅਤੇ ਸਵੱਛਤਾ ਲਈ ਜਾਣੀ ਜਾਣ ਵਾਲੀ ਸੰਸਥਾ ਹੈ ਅਤੇ ਇਸਦਾ ਸਿਹਰਾ ਇੱਥੋਂ ਦੇ ਮਾਹਿਰਾਂ ਅਤੇ ਕਰਮਚਾਰੀਆਂ ਦੇ ਨਾਲ-ਨਾਲ ਇਲਾਕੇ ਦੇ ਫੁੱਲ ਪ੍ਰੇਮੀਆਂ ਦੇ ਸਿਰ ਵੀ ਬੱਝਦਾ ਹੈ| ਉਹਨਾਂ ਨੇ ਵਿਸ਼ੇਸ਼ ਤੌਰ ਤੇ ਸ਼ਹਿਰੀ ਖੇਤਰਾਂ ਦੀ ਸੁੰਦਰਤਾ ਲਈ ਫੁੱਲਾਂ ਦੀ ਖੇਤੀ ਨੂੰ ਪ੍ਰਫੁੱਲਿਤ ਕਰਨ ਦੀ ਲੋੜ ਉੱਪਰ ਜ਼ੋਰ ਵੀ ਦਿੱਤਾ|
ਅਪਰ ਨਿਰਦੇਸ਼ਕ ਸੰਚਾਰ ਡਾ. ਤਰਸੇਮ ਸਿੰਘ ਢਿੱਲੋਂ ਨੇ ਦੱਸਿਆ ਕਿ ਪੀ.ਏ.ਯੂ. ਨੇ ਫੁੱਲਾਂ ਦੀ ਖੇਤੀ ਨੂੰ ਉਤਸ਼ਾਹਿਤ ਕਰਨ ਲਈ ਸਮੇਂ-ਸਮੇਂ ਸਾਹਿਤ ਪ੍ਰਕਾਸ਼ਿਤ ਕੀਤਾ ਹੈ ਜਿਸਦੀ ਸਹਾਇਤਾ ਨਾਲ ਨਾ ਸਿਰਫ ਨਿੱਜੀ ਤੌਰ ਤੇ ਵਿਅਕਤੀ ਅਤੇ ਸੰਸਥਾਨ ਹੀ ਲਾਭ ਉਠਾ ਸਕਦੇ ਹਨ ਬਲਕਿ ਵਪਾਰਕ ਫੁੱਲਾਂ ਦੀ ਕਾਸ਼ਤ ਵੀ ਸੁਖਾਲੀ ਹੋ ਸਕਦੀ ਹੈ|
ਫਲੋਰੀਕਲਚਰ ਅਤੇ ਲੈਂਡਸਕੇਪਿੰਗ ਵਿਭਾਗ ਦੇ ਮੁਖੀ ਡਾ. ਪਰਮਿੰਦਰ ਸਿੰਘ ਨੇ ਦੱਸਿਆ ਕਿ ਗੁਲਦਾਉਦੀ ਸ਼ੋਅ ਵਿਚ 4000 ਤੋਂ ਵਧੇਰੇ ਗਮਲਾ ਪ੍ਰਦਰਸ਼ਿਤ ਕੀਤਾ ਗਿਆ ਸੀ ਅਤੇ ਵੱਖ-ਵੱਖ ਮੁਕਾਬਲੇ ਦੇ ਵਰਗਾਂ ਵਿਚ 200 ਤੋਂ ਵਧੇਰੇ ਲੋਕਾਂ ਨੇ ਹਿੱਸਾ ਲਿਆ| ਉਹਨਾਂ ਨੇ ਪੀ.ਏ.ਯੂ. ਵੱਲੋਂ ਵਿਕਸਿਤ ਕੀਤੀ ਨਵੀਂ ਕਿਸਮ ਪੰਜਾਬ ਅਨੁਰਾਧਾ ਦਾ ਜ਼ਿਕਰ ਕਰਦਿਆ ਕਿਹਾ ਕਿ ਇਸਦੀ ਖੋਜ ਲਈ ਸਾਬਕਾ ਵਿਦਿਆਰਥੀ ਨੇ ਭਰਪੂਰ ਯੋਗਦਾਨ ਪਾਇਆ ਹੈ| ਉਹਨਾਂ ਨੇ ਇਸ ਸ਼ੋਅ ਦੀ ਸਫਲਤਾ ਉੱਪਰ ਖੁਸ਼ੀ ਦਾ ਪ੍ਰਗਟਾਵਾ ਕੀਤਾ ਅਤੇ ਨਾਲ ਹੀ ਦੱਸਿਆ ਕਿ ਸੰਸਥਾਵਾਂ ਦੇ ਮੁਕਾਬਲਿਆਂ ਵਿਚ ਕ੍ਰਮਵਾਰ ਦਿੱਲੀ ਪਬਲਿਕ ਸਕੂਲ ਝਮਟ, ਬੀ ਸੀ ਐੱਮ ਸਕੂਲ ਸ਼ਾਸਤਰੀ ਨਗਰ, ਡੀ ਏ ਵੀ ਸਕੂਲ ਬੀ ਆਰ ਐੱਸ ਨਗਰ ਅਤੇ ਸੰਤ ਈਸ਼ਰ ਸਿੰਘ ਸਕੂਲ ਰਾੜਾ ਸਾਹਿਬ ਜੇਤੂ ਰਹੇ| ਨਿੱਜੀ ਮੁਕਾਬਲਿਆਂ ਵਿਚ ਸੀਰਤ ਸਿੰਘ ਸੇਖੋਂ, ਡਾ. ਜੋਗਰੀਤ ਸਿੰਘ ਸੇਖੋਂ, ਡਾ. ਐੱਸ ਕੇ ਮੱਕੜ, ਸ਼੍ਰੀ ਮਹਿੰਦਰ ਪਾਲ ਸਿੰਘ, ਸ਼੍ਰੀ ਹਰੀਕੇਸ਼ ਕੁਮਾਰ, ਸ਼੍ਰੀ ਅਦੇਸ਼ ਸਿੰਘ ਸੇਖੋਂ, ਸ਼੍ਰੀਮਤੀ ਰਾਧਿਕਾ ਕੁਮਾਰੀ ਅਤੇ ਸ਼੍ਰੀ ਚਰਨਦੀਪ ਸਿੰਘ ਨੇ ਇਨਾਮ ਜਿੱਤੇ| ਗੁਰਦੁਆਰਾ ਕਰਮਸਰ ਰਾੜਾ ਸਾਹਿਬ ਨੇ ਵੀ ਜੇਤੂ ਸੂਚੀ ਵਿਚ ਆਪਣਾ ਨਾਮ ਦਰਜ਼ ਕਰਵਾਇਆ| ਵੱਖ-ਵੱਖ ਵਰਗਾਂ ਦੇ ਜੇਤੂਆਂ ਨੂੰ ਪ੍ਰਧਾਨਗੀ ਮੰਡਲ ਨੇ ਇਨਾਮ ਤਕਸੀਮ ਕੀਤੇ|
