ਜੀ.ਐਸ.ਐਸ. ਸਕੂਲ, ਬੀਰੋਕੇ ਕਲਾਂ ਦੇ 45 ਵਿਦਿਆਰਥੀਆਂ ਦੇ ਇੱਕ ਸਮੂਹ ਨੇ ਆਧੁਨਿਕ ਖੇਤੀਬਾੜੀ ਅਤੇ ਸੰਬੰਧਿਤ ਗਤੀਵਿਧੀਆਂ ਬਾਰੇ ਵਿਹਾਰਕ ਗਿਆਨ ਪ੍ਰਾਪਤ ਕਰਨ ਲਈ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਕ੍ਰਿਸ਼ੀ ਵਿਗਿਆਨ ਕੇਂਦਰ (ਕੇ.ਵੀ.ਕੇ.) ਖੋਖਰ ਖੁਰਦ, ਮਾਨਸਾ ਦਾ ਦੌਰਾ ਕੀਤਾ। ਕ੍ਰਿਸ਼ੀ ਵਿਗਿਆਨ ਕੇਂਦਰ ਦੇ ਡਾਇਰੈਕਟਰ ਡਾ. ਅਜੀਤਪਾਲ ਸਿੰਘ ਧਾਲੀਵਾਲ ਨੇ ਵਿਦਿਆਰਥੀਆਂ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ ਅਤੇ ਉਨ੍ਹਾਂ ਨੂੰ ਕੇ.ਵੀ.ਕੇ. ਵਿਖੇ ਉਪਲਬੱਧ ਕਿਸਾਨ ਕੇਂਦਰਿਤ ਵੱਖ-ਵੱਖ ਸਹੂਲਤਾਂ ਨਾਲ ਜਾਣੂ ਕਰਵਾਇਆ। ਉਨ੍ਹਾਂ ਨੇ ਨਿਯਮਤ ਸਿਖਲਾਈ ਪ੍ਰੋਗਰਾਮਾ, ਗੁਣਵੱਤਾ ਵਾਲੇ ਬੀਜਾਂ, ਧਾਂਤਾ ਦਾ ਚੂਰਾ, ਖੇਤੀ ਮਸ਼ੀਨਰੀ ਅਤੇ ਉਤਪਾਦਨ ਅਤੇ ਆਮਦਨ ਵਧਾਉਣ ਲਈ ਕਿਸਾਨਾਂ ਨੂੰ ਦਿੱਤੇ ਜਾਣ ਵਾਲੇ ਹੋਰ ਸੁਵਿਧਾਵਾਂ ਬਾਰੇ ਵਿਸਥਾਰ ਨਾਲ ਦੱਸਿਆ। ਵਿਦਿਆਰਥੀਆਂ ਨੂੰ ਵਾਤਾਵਰਣ ਸੰਭਾਲ, ਫਸਲੀ ਰਹਿੰਦ-ਖੂੰਹਦ ਪ੍ਰਬੰਧਨ ਅਤੇ ਜੈਵਿਕ ਖੇਤੀ ਵਰਗੇ ਮਹੱਤਵਪੂਰਨ ਮੁੱਦਿਆਂ ਤੇ ਵਿਸਥਾਰਪੂਰਵਕ ਭਾਸ਼ਣ ਦਿੱਤੇ ਗਏ। ਦੌਰੇ ਦੌਰਾਨ ਵਿਦਿਆਰਥੀਆਂ ਨੇ ਕੇ ਵੀ ਕੇ ਵਿਖੇ ਸਥਾਪਤ ਵੱਖ-ਵੱਖ ਪ੍ਰਦਰਸ਼ਨੀਆਂ (ਮਧੂ ਮੱਖੀ ਪਾਲਣ, ਬੱਕਰੀ ਪਾਲਣ, ਪੋਲਟਰੀ, ਵਰਮੀ ਕੰਪੋਸਟ, ਕਿਚਨ ਗਾਰਡਨ, ਟੈਕਨਾਲੋਜੀ ਪਾਰਕ ਆਦਿ) ਦਾ ਦੌਰਾ ਕੀਤਾ। ਸਮਾਪਤੀ ਸੈਸ਼ਨ ਵਿੱਚ ਡਾ. ਰਣਵੀਰ ਸਿੰਘ, ਸਹਾਇਕ ਪ੍ਰੋਫੈਸਰ (ਪੌਦ ਸੁਰੱਖਿਆ) ਨੇ ਵਿਦਿਆਰਥੀਆਂ ਨੂੰ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਵੱਲੋਂ ਖੇਤੀਬਾੜੀ ਅਤੇ ਸੰਬੰਧਿਤ ਵਿਸ਼ਿਆਂ ਵਿੱਚ ਕਰਵਾਏ ਜਾ ਰਹੇ ਵੱਖ-ਵੱਖ ਅੰਡਰਗ੍ਰੈਜੂਏਟ ਅਤੇ ਪੋਸਟਗ੍ਰੈਜੂਏਟ ਕੋਰਸਾ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਨੇ ਨੌਜਵਾਨਾਂ ਨੂੰ ਖੇਤੀਬਾੜੀ ਖੇਤਰ ਵਿੱਚ ਉੱਚ ਸਿੱਖਿਆ ਅਤੇ ਕਾਮਯਾਬੀ ਦੇ ਮੌਕਿਆਂ ਤੇ ਵਿਚਾਰ ਕਰਨ ਲਈ ਪ੍ਰੇਰਿਤ ਕੀਤਾ। ਇਹ ਦੌਰਾ ਵਿਦਿਆਰਥੀਆਂ ਲਈ ਬਹੁਤ ਹੀ ਜਾਣਕਾਰੀ ਭਰਪੂਰ ਅਤੇ ਪ੍ਰੇਰਨਾਦਾਇਕ ਸਾਬਤ ਹੋਇਆ ਬਹੁਤ ਸਾਰੇ ਵਿਦਿਆਰਥੀਆਂ ਨੇ ਖੇਤੀਬਾੜੀ ਨਾਲ ਸਬੰਧਤ ਖੇਤਰਾਂ ਵਿੱਚ ਡੂੰਘੀ ਦਿਲਚਸਪੀ ਜ਼ਾਹਰ ਕੀਤੀ । ਪ੍ਰੋਗਰਾਮ ਦਾ ਅੰਤ ਧੰਨਵਾਦ ਤੇ ਵਿਦਿਆਰਥੀਆਂ ਵੱਲੋਂ ਆਪੋ ਆਪਣੇ ਪਿੰਡਾਂ ਵਿੱਚ ਵਾਤਾਵਰਣ-ਅਨੁਕੂਲ ਖੇਤੀ ਅਭਿਆਸਾ ਬਾਰੇ ਜਾਗਰੂਕਤਾ ਫੈਲਾਉਣ ਦੇ ਸਹੁੰ ਚੁੱਕਣ ਨਾਲ ਹੋਇਆ ।
