Menu

ਪੰਜਾਬ ਖੇਤੀਬਾੜੀ ਯੂਨੀਵਰਸਿਟੀ
PUNJAB AGRICULTURAL UNIVERSITY

Menu

ਪੀ.ਏ.ਯੂ–ਕੇ.ਵੀ.ਕੇ. ਫਿਰੋਜ਼ਪੁਰ ਵੱਲੋਂ ਭਾਨੇਵਾਲ (ਗੱਟੀ ਰਹੀਮੇ ਕੇ) ਵਿਖੇ ਕਿਸਾਨ ਬੀਬੀਆਂ ਅਤੇ ਨੌਜਵਾਨਾਂ ਲਈ ਜਾਗਰੂਕਤਾ ਕੈਂਪ ਦਾ ਆਯੋਜਨ

ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਦੇ ਕ੍ਰਿਸ਼ੀ ਵਿਗਿਆਨ ਕੇਂਦਰ ਫਿਰੋਜ਼ਪੁਰ ਵੱਲੋਂ ਮਿਤੀ  05 ਦਸੰਬਰ 2025 ਨੂੰ ਪਿੰਡ ਭਾਨੇਵਾਲ (ਗੱਟੀ ਰਹੀਮੇ ਕੇ) ਵਿੱਚ ਕਿਸਾਨ ਬੀਬੀਆਂ ਅਤੇ ਨੌਜਵਾਨਾਂ ਲਈ ਖੇਤੀਬਾੜੀ ਦੇ  ਕੰਮ ਨੂੰ ਸੁਖਾਲਾ ਬਣਾਉਣ ਵਾਲੇ ਸੰਦ-ਸਾਧਨਾਂ ਬਾਰੇ ਜਾਗਰੂਕਤਾ ਕੈਂਪ ਦਾ ਆਯੋਜਨ ਕੀਤਾ ਗਿਆ।

ਡਾ. ਗੁਰਮੇਲ ਸਿੰਘ ਸੰਧੂ, ਡਿਪਟੀ ਡਾਇਰੈਕਟਰ (ਸਿਖਲਾਈ), ਕੇਵੀਕੇ ਫਿਰੋਜ਼ਪੁਰ ਨੇ ਨੌਜਵਾਨਾਂ ਅਤੇ ਕਿਸਾਨ ਬੀਬੀਆਂ ਨੂੰ ਕੇ.ਵੀ.ਕੇ. ਦੀਆਂ ਗਤੀਵਿਧੀਆਂ ਅਤੇ ਪੀ.ਏ.ਯੂ. ਵੱਲੋਂ ਚਲਾਏ ਜਾਣ ਵਾਲੇ ਵੱਖ-ਵੱਖ ਕੋਰਸਾਂ ਬਾਰੇ ਜਾਣੂ ਕਰਵਾਇਆ। ਉਹਨਾਂ ਦੱਸਿਆ ਕਿ ਯੂਨੀਵਰਸਿਟੀ ਵੱਲੋਂ ਪੇਂਡੂ ਖੇਤਰ ਦੇ ਵਿਦਿਆਰਥੀਆਂ ਲਈ 10 ਪ੍ਰਤੀਸ਼ਤ ਰਾਖਵਾਂਕਰਨ ਕੀਤਾ ਗਿਆ ਹੈ, ਜਿਸ ਨਾਲ ਪੇਂਡੂ ਇਲਾਕਿਆਂ ਦੇ ਬੱਚੇ ਖੇਤੀਬਾੜੀ ਵਿਸ਼ੇ ਵਿੱਚ ਉੱਚ ਸਿੱਖਿਆ ਹਾਸਲ ਕਰ ਸਕਦੇ ਹਨ। ਡਾ. ਸੰਧੂ ਨੇ ਕਿਸਾਨ ਬੀਬੀਆਂ ਨੂੰ ਵੱਖ-ਵੱਖ ਸਿਖਲਾਈ ਕੋਰਸਾਂ ਵਿੱਚ ਭਾਗ ਲੈਣ ਲਈ ਪ੍ਰੇਰਿਤ ਵੀ ਕੀਤਾ।

ਡਾ. ਦਿਵਿਆ ਜੈਨ, ਸਹਾਇਕ ਪ੍ਰੋਫੈਸਰ (ਗ੍ਰਹਿ ਵਿਗਿਆਨ), ਨੇ ਕਿਸਾਨ ਬੀਬੀਆਂ ਨੂੰ ਕੇਵੀਕੇ ਵਿੱਚ ਕਰਵਾਏ ਜਾਂਦੇ ਸਿਲਾਈ– ਕਢਾਈ, ਪੇਂਟਿੰਗ, ਬੇਕਰੀ ਉਤਪਾਦ, ਅਚਾਰ-ਚਟਣੀ, ਮੁਰੱਬੇ, ਸਾਬਣ-ਸਰਫ਼ ਤਿਆਰ ਕਰਨ ਆਦਿ ਸਿਖਲਾਈ ਪ੍ਰੋਗਰਾਮਾਂ ਬਾਰੇ ਜਾਣਕਾਰੀ ਦਿੱਤੀ। ਉਹਨਾਂ ਪੀ.ਏ.ਯੂ. ਦੁਆਰਾ ਵਿਕਸਿਤ ਖੇਤੀਬਾੜੀ ਕੰਮ ਨੂੰ ਸੁਖਾਲਾ ਬਣਾਉਣ ਵਾਲੇ ਸਾਧਨਾਂ —ਜਿਵੇਂ ਕਿ ਦੁੱਧ ਕੱਢਣ ਲਈ ਘੁੰਮਦੀ ਪੀਹੜੀ, ਮੱਕੀ ਦੇ ਦਾਣੇ ਕੱਢਣ ਵਾਲਾ ਸੰਦ, ਸੁਧਰੀ ਦਾਤੀ, ਸਬਜ਼ੀਆਂ ਤੋੜਨ ਲਈ ਰਿੰਗ ਕਟਰ ਆਦਿ—ਬਾਰੇ ਵੀ ਵਿਸਥਾਰ ਨਾਲ ਜਾਣੂ ਕਰਵਾਇਆ। ਡਾ. ਜੈਨ ਨੇ ਮਹਿਲਾਵਾਂ ਨੂੰ ਕੇ.ਵੀ.ਕੇ. ਨਾਲ ਜੁੜਣ ਅਤੇ ਸਿਖਲਾਈਆਂ ਲੈਣ, ਸਵੈ–ਸਹਾਇਤਾ ਸਮੂਹ ਬਣਾਉਣ ਅਤੇ ਘਰੇਲੂ ਆਮਦਨ ਵਿੱਚ ਯੋਗਦਾਨ ਪਾਉਣ ਲਈ ਉਤਸਾਹਿਤ ਕੀਤਾ।

ਡਾ.ਭੱਲਣ ਸਿੰਘ ਸੇਖੋਂ, ਸਹਾਇਕ ਪ੍ਰੋਫੈਸਰ (ਸਬਜ਼ੀ ਵਿਗਿਆਨ), ਨੇ ਕਿਸਾਨਾਂ ਨੂੰ ਪਰਾਲੀ ਪ੍ਰਬੰਧਨ, ਮਿੱਟੀ–ਪਾਣੀ ਦੀ ਪਰਖ ਅਤੇ ਸਥਾਈ ਖੇਤੀ ਪ੍ਰਥਾਵਾਂ ਬਾਰੇ ਚਾਨਣ ਪਾਇਆ। ਉਹਨਾਂ ਪੇਂਡੂ ਘਰਾਂ ਵਿੱਚ ਘਰੇਲੂ ਬਗੀਚੀ ਅਪਣਾਉਣ ਲਈ ਪ੍ਰੇਰਿਤ ਕਰਦੇ ਹੋਏ ਪੀ.ਏ.ਯੂ. ਦੇ ਘਰੇਲੂ ਬਗੀਚੀ ਮਾਡਲਾਂ ਅਤੇ ਫਲ–ਸਬਜ਼ੀ ਉਗਾਉਣ ਦੀਆਂ ਸੁਧਰੀਆਂ ਤਕਨੀਕਾਂ ਬਾਰੇ ਜਾਣਕਾਰੀ ਸਾਂਝੀ ਕੀਤੀ।

ਪ੍ਰੋਗਰਾਮ ਦੇ ਅਖੀਰ ਵਿਚ ਪਿੰਡ ਦੇ ਸਰਪੰਚ ਸ. ਹਰਮੇਸ਼ ਸਿੰਘ ਨੇ ਕ੍ਰਿਸ਼ੀ ਵਿਗਿਆਨ ਕੇਂਦਰ ਤੋਂ ਆਏ ਵਿਗਿਆਨੀਆਂ ਨੂੰ ਧੰਨਵਾਦ ਦੇ ਸ਼ਬਦ ਕਹੇ ਅਤੇ ਆਉਣ ਵਾਲੇ ਸਮੇ ਵਿੱਚ ਅਜਿਹੇ ਹੋਰ ਪ੍ਰੋਗਰਾਮ ਉਲੀਕਣ ਦਾ ਸੱਦਾ ਦਿੱਤਾ।